Suhasini Deshpande Death: ਸਿਨੇਮਾ ਜਗਤ ਤੋਂ ਇੱਕ ਹੋਰ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਇਸ ਤੋਂ ਪਹਿਲਾਂ ਤਾਮਿਲ ਅਦਾਕਾਰ ਬਿਜਲੀ ਰਮੇਸ਼ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਸੀ, ਜਦਕਿ ਹੁਣ ਮਰਾਠੀ ਸਿਨੇਮਾ ਦੀ ਦਿੱਗਜ ਅਦਾਕਾਰਾ ਸੁਹਾਸਿਨੀ ਦੇਸ਼ਪਾਂਡੇ ਦਾ ਦੇਹਾਂਤ ਹੋ ਗਿਆ ਹੈ। ਸੁਹਾਸਿਨੀ ਨੇ ਹਿੰਦੀ ਸਿਨੇਮਾ ਵਿੱਚ ਵੀ ਕੰਮ ਕੀਤਾ।



ਸੁਹਾਸਿਨੀ ਦੇਸ਼ਪਾਂਡੇ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਸੁਹਾਸਿਨੀ ਮਰਾਠੀ ਸਿਨੇਮਾ ਦਾ ਇੱਕ ਵੱਡਾ ਨਾਮ ਸੀ। ਸੁਹਾਸਿਨੀ ਨੇ ਮੰਗਲਵਾਰ ਸਵੇਰੇ ਆਪਣੇ ਪੁਣੇ ਸਥਿਤ ਘਰ 'ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਨਾਲ ਮਰਾਠੀ ਸਿਨੇਮਾ ਨੂੰ ਵੱਡਾ ਝਟਕਾ ਲੱਗਾ ਹੈ।



12 ਸਾਲ ਦੀ ਉਮਰ ਵਿੱਚ ਸ਼ੁਰੂ ਕਰ ਦਿੱਤੀ ਸੀ ਐਕਟਿੰਗ 


ਮੀਡੀਆ ਰਿਪੋਰਟਾਂ ਮੁਤਾਬਕ ਸੁਹਾਸਿਨੀ ਦਾ ਐਕਟਿੰਗ ਕਰੀਅਰ ਸਿਰਫ 12 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸੀ। ਮਰਾਠੀ ਸਿਨੇਮਾ ਤੋਂ ਲੈ ਕੇ ਹਿੰਦੀ ਸਿਨੇਮਾ ਤੱਕ ਉਸ ਨੇ ਆਪਣਾ ਹੁਨਰ ਸਾਬਤ ਕੀਤਾ ਸੀ।




ਸੁਹਾਸਿਨੀ ਦੀਆਂ ਸ਼ਾਨਦਾਰ ਫਿਲਮਾਂ


ਸੁਹਾਸਿਨੀ ਦੇਸ਼ਪਾਂਡੇ ਦਾ ਅਦਾਕਾਰੀ ਕਰੀਅਰ 70 ਸਾਲਾਂ ਤੋਂ ਵੱਧ ਦਾ ਸੀ। ਉਨ੍ਹਾਂ ਨੇ ਆਪਣੇ ਲੰਬੇ ਕਰੀਅਰ 'ਚ 100 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਸੀ। ਉਸਦੀਆਂ ਸਰਵੋਤਮ ਮਰਾਠੀ ਫਿਲਮਾਂ ਵਿੱਚ ਮਾਨਾਂਚ ਕੁੰਕੂ (1981), ਕਥਾ (1983), ਆਜ ਝਾਲੇ ਮੁਕਤ ਮੀ (1986), ਆਈ ਸ਼ਪਥ (2006), ਚਿਰੰਜੀਵ (2016), 2017 ਦੀ ਫਿਲਮ 'ਢੋਂਡੀ' ਅਤੇ ਸਾਲ 2019 ਦੀ ਫਿਲਮ 'ਬਾਕਾਲ' ਸਣੇ ਕਈ ਫਿਲਮਾਂ ਸ਼ਾਮਲ ਹਨ।



ਅਜੇ ਦੇਵਗਨ ਦੀ ਆਨਸਕ੍ਰੀਨ 'ਸੱਸ' ਬਣੀ


ਤੁਹਾਨੂੰ ਦੱਸ ਦੇਈਏ ਕਿ ਦਿੱਗਜ ਅਭਿਨੇਤਰੀ ਸੁਹਾਸਿਨੀ ਦੇਸ਼ਪਾਂਡੇ ਨੇ ਨਾ ਸਿਰਫ ਮਰਾਠੀ ਫਿਲਮ ਇੰਡਸਟਰੀ ਵਿੱਚ ਕੰਮ ਕੀਤਾ ਬਲਕਿ ਬਾਲੀਵੁੱਡ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਉਨ੍ਹਾਂ ਨੇ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦੀ ਫਿਲਮ 'ਸਿੰਘਮ' 'ਚ ਕੰਮ ਕੀਤਾ ਸੀ। ਇਹ ਸੁਪਰਹਿੱਟ ਫਿਲਮ ਸਾਲ 2011 ਵਿੱਚ ਰਿਲੀਜ਼ ਹੋਈ ਸੀ, ਜਿਸ ਵਿੱਚ ਸੁਹਾਸਿਨੀ ਨੇ ਕਾਜਲ ਅਗਰਵਾਲ ਦੀ ਦਾਦੀ ਦਾ ਕਿਰਦਾਰ ਨਿਭਾਇਆ ਸੀ। ਉਹ ਅਜੇ ਦੇਵਗਨ ਦੀ ਆਨਸਕ੍ਰੀਨ ਨਾਨੀ ਵੀ ਸੀ। 



ਸੁਹਾਸਿਨੀ ਦਾ ਅੰਤਿਮ ਸੰਸਕਾਰ ਕਦੋਂ ਅਤੇ ਕਿੱਥੇ ਹੋਵੇਗਾ?


ਸੁਹਾਸਿਨੀ ਦੇ ਦੇਹਾਂਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਚਹੇਤਿਆਂ ਨੂੰ ਗਹਿਰਾ ਸਦਮਾ ਲੱਗਾ ਹੈ। ਲੋਕ ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਮਰਾਠੀ ਅਦਾਕਾਰਾ ਨੂੰ ਸ਼ਰਧਾਂਜਲੀ ਦੇ ਰਹੇ ਹਨ। ਦੱਸ ਦੇਈਏ ਕਿ ਸੁਹਾਸਿਨੀ ਦਾ ਅੰਤਿਮ ਸੰਸਕਾਰ ਪੁਣੇ ਵਿੱਚ ਹੀ ਕੀਤਾ ਜਾਵੇਗਾ। ਅਭਿਨੇਤਰੀ ਦਾ ਅੰਤਿਮ ਸੰਸਕਾਰ ਬੁੱਧਵਾਰ 28 ਅਗਸਤ ਯਾਨੀ ਅੱਜ ਵੈਕੁੰਠ ਸ਼ਮਸ਼ਾਨਘਾਟ ਵਿਖੇ ਸਾਰੀਆਂ ਰਸਮਾਂ ਨਾਲ ਕੀਤਾ ਜਾਵੇਗਾ।