Kangana Ranaut Movie Emergency Controversy: ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੇ ਬਿਆਨਾਂ ਤੋਂ ਬਾਅਦ ਫਿਲਮ ਐਮਰਜੈਂਸੀ ਨੂੰ ਲੈ ਵਿਵਾਦ ਭੱਖਿਆ ਹੋਇਆ ਹੈ। ਦੱਸ ਦੇਈਏ ਕਿ ਇਸ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਹੋਣ ਤੋਂ ਰੋਕਣ ਦੀ ਮੰਗ ਕੀਤੀ ਗਈ ਹੈ। ਐਡਵੋਕੇਟ ਇਮਾਨ ਸਿੰਘ ਖਾਰਾ ਨੇ ਪਟੀਸ਼ਨ ਦਾਇਰ ਕੀਤੀ ਹੈ।



ਅੰਮ੍ਰਿਤਪਾਲ ਦੇ ਵਕੀਲ ਨੇ ਦਾਇਰ ਕੀਤੀ ਪਟੀਸ਼ਨ 


ਇਸ ਪਟੀਸ਼ਨ ਵਿੱਚ ਉਨ੍ਹਾਂ ਕਿਹਾ ਕਿ ਕੰਗਨਾ ਨੇ ਫਿਲਮ ਵਿੱਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ 'ਤੇ 1-2 ਦਿਨਾਂ 'ਚ ਸੁਣਵਾਈ ਹੋ ਸਕਦੀ ਹੈ। ਪਟੀਸ਼ਨ ਦਾਇਰ ਕਰਨ ਵਾਲੇ ਇਮਾਨ ਖਾਰਾ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਦੀ ਵਕੀਲ ਹੈ।



ਸਿੱਖਾਂ ਨੇ ਥੀਏਟਰ ਦੇ ਬਾਹਰ ਕੀਤਾ ਪ੍ਰਦਰਸ਼ਨ


ਦੱਸ ਦੇਈਏ ਕਿ ਬਠਿੰਡਾ ਵਿੱਚ ਸਿੱਖਾਂ ਨੇ ਥੀਏਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕੰਗਨਾ ਰਣੌਤ ਦਾ ਪੁਤਲਾ ਫੂਕਿਆ। ਸਿੱਖਾਂ ਦਾ ਕਹਿਣਾ ਹੈ ਕਿ ਫਿਲਮ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਪੰਚਕੂਲਾ ਵਿੱਚ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਕਿਹਾ ਕਿ ਪਾਰਟੀ ਕਿਸਾਨਾਂ ਦੇ ਸਨਮਾਨ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰੇਗੀ।



ਇਸ 'ਤੇ ਪੰਜਾਬ ਦੇ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਸਭ ਤੋਂ ਪਹਿਲਾਂ ਟ੍ਰੇਲਰ 'ਚ ਦਿਖਾਏ ਗਏ ਦ੍ਰਿਸ਼ਾਂ 'ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।



ਸਰਬਜੀਤ ਸਿੰਘ ਖਾਲਸਾ ਨੇ ਕਿਹਾ, ‘ਨਵੀਂ ਫਿਲਮ ‘ਐਮਰਜੈਂਸੀ’ ਵਿੱਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀਆਂ ਖਬਰਾਂ ਹਨ, ਜਿਸ ਕਾਰਨ ਸਮਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਖਦਸ਼ਾ ਹੈ। ਜੇਕਰ ਇਸ ਫਿਲਮ ਵਿੱਚ ਸਿੱਖਾਂ ਨੂੰ ਵੱਖਵਾਦੀ ਜਾਂ ਅੱਤਵਾਦੀ ਵਜੋਂ ਦਿਖਾਇਆ ਗਿਆ ਹੈ ਤਾਂ ਇਹ ਇੱਕ ਡੂੰਘੀ ਸਾਜ਼ਿਸ਼ ਹੈ। ਇਹ ਫਿਲਮ ਇੱਕ ਮਨੋਵਿਗਿਆਨਕ ਹਮਲਾ ਹੈ, ਜਿਸ ਵੱਲ ਸਰਕਾਰ ਨੂੰ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ ਹੈ ਅਤੇ ਦੂਜੇ ਦੇਸ਼ਾਂ ਵਿੱਚ ਸਿੱਖਾਂ ਪ੍ਰਤੀ ਨਫਰਤ ਨੂੰ ਭੜਕਾਉਣਾ ਬੰਦ ਕਰਨਾ ਚਾਹੀਦਾ ਹੈ।



ਫਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ


ਕੰਗਨਾ ਰਣੌਤ ਦੀ ਆਉਣ ਵਾਲੀ ਵਿਵਾਦਿਤ ਫਿਲਮ 'ਐਮਰਜੈਂਸੀ' ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਲਗਾਈ ਗਈ ਐਮਰਜੈਂਸੀ 'ਤੇ ਬਣੀ ਹੈ। ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ। ਫਿਲਹਾਲ ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਨੇ ਹਰ ਪਾਸੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ।