ਨਵੀਂ ਦਿੱਲੀ: ਬਾਲੀਵੁੱਡ ਤੇ ਰਾਜਨੀਤੀ ਵਿੱਚ ਬਰਾਬਰ ਦੀ ਹਿੱਸੇਦਾਰੀ ਪਾਉਣ ਵਾਲੇ ਅਦਾਕਾਰ ਤੇ ਬੀਜੇਪੀ ਲੀਡਰ ਸ਼ਤਰੂਘਨ ਸਿਨ੍ਹਾ ਨੇ ਨੈਸ਼ਨਲ ਫ਼ਿਲਮ ਐਵਾਰਡ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਸਾਰਿਆਂ ਨੂੰ ਸਨਮਾਨਤ ਨਾ ਕੀਤੇ ਜਾਣ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ- ਜੋ ਵੀ ਹੋਇਆ ਬਹੁਤ ਮਾੜਾ ਹੈ ਅਤੇ ਇਸ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਸੀ। ਗ਼ਲਤਫਹਿਮੀ ਕਾਰਨ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ।   ਸਿਨ੍ਹਾ ਨੇ ਕਿਹਾ- ਇਹ ਨਹੀਂ ਹੋਣਾ ਚਾਹੀਦਾ ਸੀ। ਦੇਸ਼ ਦੇ ਕਲਾਕਾਰ ਕੌਮੀ ਮਾਣ ਦੀ ਗੱਲ ਹਨ। ਤੁਸੀਂ ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕਰਨ ਦਾ ਕਹਿ ਕਿ ਬੁਲਾਉਂਦੇ ਹੋ ਅਤੇ ਅਜਿਹਾ ਕਰਦੇ ਨਹੀਂ। ਹਾਲਾਂਕਿ, ਸਿਨ੍ਹਾ ਨੂੰ ਇਹ ਨਹੀਂ ਲਗਦਾ ਕਿ ਸਮ੍ਰਿਤੀ ਇਰਾਨੀ ਨੇ ਅਜਿਹਾ ਕਰ ਕੇ ਕੋਈ ਗਲਤੀ ਕੀਤੀ ਹੈ। ਸਿਨ੍ਹਾ ਨੇ ਕਿਹਾ- ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਮੈਂਬਰ ਹਨ। ਇਹ ਐਵਾਰਡ ਰਾਸ਼ਟਰਪਤੀ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਵੰਡਣੇ ਚਾਹੀਦੇ ਸਨ। ਨੈਸ਼ਨਲ ਐਵਾਰਡ ਜਿੱਤਣ ਵਾਲਾ ਹਰ ਬੰਦਾ ਬਰਾਬਰ ਦੀ ਅਹਿਮੀਅਤ ਰੱਖਦਾ ਹੈ। ਇਨ੍ਹਾਂ ਨੂੰ 2 ਹਿੱਸਿਆਂ ਵਿੱਚ ਵੰਡਿਆ ਨਹੀਂ ਜਾ ਸਕਦਾ।