ਚੰਡੀਗੜ੍ਹ: "ਸੱਤ ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਬਾਲੀਵੁੱਡ ਫਿਲਮ '31 ਅਕਤੂਬਰ 1984' ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦਾ ਇਨਸਾਫ ਦੁਆਵੇਗੀ।" ਇਹ ਮੰਨਣਾ ਹੈ ਫਿਲਮ ਦੀ ਮੁੱਖ ਅਦਾਕਾਰਾ ਸੋਹਾ ਅਲੀ ਖਾਨ ਦਾ। ਸੋਹਾ ਸ਼ੁੱਕਰਵਾਰ ਨੂੰ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਚੰਡੀਗੜ੍ਹ ਪਹੁੰਚੀ। ਸੋਹਾ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਬਚਪਨ ਵਿੱਚ ਦੰਗਿਆਂ ਬਾਰੇ ਸੁਣਿਆ ਸੀ। ਸੋਹਾ ਨੇ ਕਿਹਾ, "ਮੇਰੀ ਮਾਤਾ ਨੇ ਮੈਨੂੰ ਦੱਸਿਆ ਸੀ ਕਿ ਕਿਵੇਂ ਪਟੌਦੀ ਵਿੱਚ ਸਿੱਖਾਂ ਦੇ ਪਰਿਵਾਰਾਂ ਦੇ ਮਰਦਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਫਿਲਮ ਕਰਨ ਤੋਂ ਪਹਿਲਾਂ ਮੈਂ ਵੀ ਇਸ ਬਾਰੇ ਬਹੁਤ ਰਿਸਰਚ ਕੀਤੀ ਤੇ ਮੈਂ ਚਾਹੁੰਦੀ ਹਾਂ ਕਿ ਲੋਕਾਂ ਨੂੰ ਇਨਸਾਫ ਮਿਲੇ।"
ਸੋਹਾ ਨੂੰ ਲੱਗਦਾ ਹੈ ਕਿ ਬਾਲੀਵੁੱਡ ਕਾਫੀ ਪ੍ਰਭਾਵਸ਼ਾਲੀ ਹੈ ਤੇ ਜ਼ਰੂਰ ਫਿਲਮ ਤੋਂ ਬਾਅਦ ਇਸ ਮੁੱਦੇ 'ਤੇ ਕੁਝ ਕੀਤਾ ਜਾਏਗਾ। ਉਨ੍ਹਾਂ ਕਿਹਾ, "32 ਸਾਲਾਂ ਬਾਅਦ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਹੈ। ਮੈਨੂੰ ਲੱਗਦਾ ਹੈ ਕਿ ਸਰਕਾਰ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਗਏ। ਮੇਰੀ ਫਿਲਮ 'ਰੰਗ ਦੇ ਬਸੰਤੀ' ਵੀ ਕ੍ਰਾਂਤੀ ਲਿਆਈ ਸੀ ਤੇ ਉਮੀਦ ਹੈ ਇਸ ਵਿੱਚੋਂ ਵੀ ਕੁਝ ਚੰਗਾ ਨਿਕਲੇਗਾ।"
ਸੋਹਾ ਫਿਲਮ ਵਿੱਚ ਇੱਕ ਸਿੱਖ ਔਰਤ ਦਾ ਕਿਰਦਾਰ ਨਿਭਾਅ ਰਹੀ ਹੈ। ਸੋਹਾ ਲਈ ਇਹ ਕਿਰਦਾਰ ਨਿਭਾਉਣਾ ਔਖਾ ਸੀ ਪਰ ਹੁਣ ਉਨ੍ਹਾਂ ਦੀ ਫਿਤਰਤ ਬਣ ਗਿਆ ਹੈ ਕੁਝ ਚੁਨੌਤੀਪੂਰਣ ਕਰਨਾ।