ਚੰਡੀਗੜ੍ਹ: ਹਾਕੀ ਦੇ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਆਧਾਰਤ ਫ਼ਿਲਮ ‘ਸੂਰਮਾ’ ਦਾ ਟ੍ਰੇਲਰ 11 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਸੰਦੀਨ ਨੂੰ ਦੁਨੀਆ ਦਾ ਬਿਹਤਰੀਨ ਡ੍ਰੈਗ ਫਲਿੱਕਰ ਮੰਨਿਆ ਜਾਂਦਾ ਹੈ। ਫ਼ਿਲਮ ‘ਚ ਮੁੱਖ ਭੂਮਿਕਾ ‘ਚ ਪਾਲੀਵੁੱਡ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਵੀ ਨਜ਼ਰ ਆਵੇਗੀ। ਇਨ੍ਹਾਂ ਦੋਵੇਂ ਸਿਤਾਰਿਆਂ ਨਾਲ ਫ਼ਿਲਮ ‘ਚ ਅੰਗਦ ਬੇਦੀ ਵੀ ਹਨ। ਫ਼ਿਲਮ ਨੂੰ ‘ਸਾਥੀਆ’ ਤੇ ‘ਬੰਟੀ ਔਰ ਬਬਲੀ’ ਵਰਗੀਆਂ ਫ਼ਿਲਮਾਂ ਦੇ ਡਾਇਰੈਕਟਰ ਸ਼ਾਦ ਅਲੀ ਨੇ ਨਿਰਦੇਸ਼ਤ ਕੀਤਾ ਹੈ।

 

ਫ਼ਿਲਮ ਦੇ ਮੋਸ਼ਨ ਟੀਜ਼ਰ ਨੂੰ ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ ਹੈ, ‘ਹਿੰਮਤ ਅਤੇ ਲਗਨ ਨਾਲ ਜ਼ਿੰਦਗੀ ਨੂੰ ਜਿੱਤਣ ਆ ਰਿਹਾ ਹੈ ‘ਸੂਰਮਾ’। 11 ਜੂਨ ਨੂੰ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਜਾ ਰਿਹਾ ਹੈ। ਰਿਲੀਜ਼ ਕੀਤੇ ਟੀਜ਼ਰ ‘ਚ ਇੱਕ ਖਿਡਾਰੀ ਦੇ ਜੀਵਨ ਦੇ ਉਤਰਾਅ ਚੜ੍ਹਾਅ ਨਜ਼ਰ ਆ ਰਹੇ ਹਨ।

https://twitter.com/diljitdosanjh/status/1004971320654745601

ਫ਼ਿਲਮ ‘ਚ ਜਿੱਥੇ ਦਿਲਜੀਤ ਸੰਦੀਪ ਦਾ ਰੋਲ ਅਦਾ ਕਰ ਰਹੇ ਹਨ ਉੱਥੇ ਹੀ ਤਾਪਸੀ ਵੀ ਇੱਕ ਹਾਕੀ ਖਿਡਾਰਨ ਦੇ ਰੋਲ ‘ਚ ਹੀ ਨਜ਼ਰ ਆਵੇਗੀ। ਤਾਪਸੀ ਫ਼ਿਲਮ ‘ਚ 'ਪ੍ਰੀਤ' ਦਾ ਕਿਰਦਾਰ ਨਿਭਾਅ ਰਹੀ ਹੈ। ਜਦੋਂ ਕਿ ਅੰਗਦ ਬੇਦੀ ਨੇ ਵਿਕਰਮਜੀਤ ਸਿੰਘ ਦਾ ਕਿਰਦਾਰ ਨਿਭਾਅ ਰਿਹਾ ਹੈ ਜੋ ਸੰਦੀਪ ਦਾ ਵੱਡਾ ਭਰਾ ਹੋਣ ਦੇ ਨਾਲ-ਨਾਲ ਉਸ ਦਾ ਗੁਰੂ ਵੀ ਹੈ।

https://twitter.com/taapsee/status/996253426601279488

ਸੂਰਮਾ ਹਾਕੀ ਖਿਡਾਰੀ ਸੰਦੀਪ ਦੀ ਕਹਾਣੀ ਲੋਕਾਂ ਤਕ ਪਹੁੰਚਾਵੇਗੀ। ਫ਼ਿਲਮ ‘ਚ ਸੰਦੀਪ ‘ਤੇ ਗੋਲ਼ੀ ਚੱਲਣ ਦਾ ਜ਼ਿਕਰ ਵੀ ਹੋਇਆ ਹੈ ਜਦੋਂ ਉਹ ਵਿਸ਼ਵ ਕੱਪ ‘ਚ ਹਿੱਸਾ ਲੈਣ ਲਈ ਜਰਮਨੀ ਜਾ ਰਹੇ ਸੀ। ਇਸ ਘਟਨਾ ਤੋਂ ਬਾਅਦ ਵੀ ਸੰਦੀਪ ਨੇ ਟੀਮ ‘ਚ ਜ਼ਬਰਦਸਤ ਵਾਪਸੀ ਕੀਤੀ ਸੀ। ਫ਼ਿਲਮ 13 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।