ਚੰਡੀਗੜ੍ਹ: 54 ਸਾਲਾਂ ਸ੍ਰੀਦੇਵੀ ਦਾ ਦਿਹਾਂਤ ਨਾ ਸਿਰਫ ਬਾਲੀਵੁੱਡ ਬਲਕਿ ਸਾਰਿਆਂ ਲਈ ਦੁਖਦ ਤੇ ਹੈਰਾਨ ਕਰਨ ਵਾਲਾ ਹੈ। ਆਪਣੇ ਭਤੀਜੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਦੁਬਈ ਗਈ ਸ੍ਰੀਦੇਵੀ ਹੁਣ ਇਸ ਦੁਨੀਆ ਵਿਚ ਨਹੀਂ ਰਹੀ। ਉਨ੍ਹਾਂ ਦੀ ਆਖਰੀ ਫੋਟੋ ਭਤੀਜੇ ਦੇ ਵਿਆਹ ਦੀ ਹੀ ਹੈ। ਆਪਣੇ ਪਤੀ ਬੋਨੀ ਕਪੂਰ ਤੇ ਛੋਟੀ ਬੇਟੀ ਖ਼ੁਸ਼ੀ ਕਪੂਰ ਦੇ ਨਾਲ ਪਰਿਵਾਰਕ ਵਿਆਹ ਸਮਾਰੋਹ ਵਿਚ ਹਿੱਸਾ ਲੈ ਰਹੀ ਸੀ।
ਬਾਲੀਵੁੱਡ ਦੀ ਉੱਘੀ ਅਭਿਨੇਤਰੀ ਸ੍ਰੀਦੇਵੀ ਦੇ ਹੋਏ ਦਿਹਾਂਤ 'ਤੇ ਦੇਸ਼ ਭਰ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਅਦਾਕਾਰ, ਰਾਜਨੇਤਾ, ਕ੍ਰਿਕਟਰ ਤੇ ਹੋਰ ਖੇਤਰਾਂ ਦੀਆਂ ਦਿਗਜ਼ ਹਸਤੀਆਂ ਨੇ ਉਨ੍ਹਾਂ ਦੀ ਮੌਤ 'ਤੇ ਅਫ਼ਸੋਸ ਜ਼ਾਹਿਰ ਕੀਤਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਲਿਖਿਆ ਕਿ ਪ੍ਰਸਿੱਧ ਅਭਿਨੇਤਰੀ ਸ੍ਰੀਦੇਵੀ ਦੇ ਬੇਵਕਤੀ ਤੇ ਅਚਾਨਕ ਦਿਹਾਂਤ ਤੋਂ ਉਨ੍ਹਾਂ ਨੂੰ ਦੁੱਖ ਪਹੁੰਚਿਆ ਹੈ। ਲੰਬੇ ਫ਼ਿਲਮੀ ਸਫਰ 'ਚ ਉਨ੍ਹਾਂ ਨੇ ਵੱਖ ਵੱਖ ਤਰ੍ਹਾਂ ਦੇ ਯਾਦਗਾਰ ਰੋਲ ਕੀਤੇ। ਉਨ੍ਹਾਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਉਹ ਉਨ੍ਹਾਂ ਦੇ ਪਰਿਵਾਰ ਨਾਲ ਖੜੇ ਹਨ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।