ਨਵੀਂ ਦਿੱਲੀ: ਬਿੱਟਕੁਆਇਨ ਸਕੈਮ ਮਾਮਲੇ 'ਚ ਰਾਜ ਕੁੰਦਰਾ ਤੋਂ ਬਾਅਦ ਕਈ ਹੋਰ ਵੱਡੇ ਬਾਲੀਵੁੱਡ ਸਿਤਾਰਿਆਂ ਤੋਂ ਪੁੱਛਗਿੱਛ ਹੋ ਸਕਦੀ ਹੈ। ਇਸ ਮਾਮਲੇ 'ਚ ਸੰਨੀ ਲਿਓਨ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਸ ਮਾਮਲੇ 'ਚ ਮੁੱਖ ਮੁਲਜ਼ਮ ਅਮਿਤ ਭਾਰਦਵਾਜ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਹਨ ਜਿਸ ਤੋਂ ਬਾਅਦ ਕਈ ਸਿਤਾਰਿਆਂ ਦੇ ਨਾਵਾਂ ਦਾ ਖੁਲਾਸਾ ਹੋਇਆ ਹੈ।
ਸੰਨੀ ਲਿਓਨ ਤੋਂ ਇਲਾਵਾ ਇਸ ਮਾਮਲੇ 'ਚ ਨੇਹਾ ਧੂਪੀਆ, ਜ਼ਰੀਨ ਖਾਨ ਤੇ ਸੋਨਲ ਚੌਹਾਨ ਜਿਹੇ ਕਈ ਸਿਤਾਰਿਆਂ ਦੇ ਨਾਂ ਸਾਹਮਣੇ ਆ ਰਹੇ ਹਨ। ਹਾਲਾਕਿ ਅਜੇ ਇਨ੍ਹਾਂ ਨਾਵਾਂ ਪ੍ਰਤੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।
ਦੱਸ ਦਈਏ ਕਿ ਮੰਗਲਵਾਰ ਨੂੰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਤੋਂ ਕਈ ਘੰਟੇ ਪੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਰਾਜ ਕੁੰਦਰਾ ਨੇ ਸਾਫ ਕੀਤਾ ਕਿ ਉਸਨੂੰ ਸਿਰਫ਼ ਇਕ ਗਵਾਹ ਦੇ ਤੌਰ 'ਤੇ ਸੰਮਨ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਪਿਛਲੇ ਦਿਨੀਂ ਪੁਲਿਸ ਨੇ ਇਸਦੇ ਮੁੱਖ ਮੁਲਜ਼ਮ ਅਮਿਤ ਭਾਰਦਵਾਜ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਸੀ। ਦਰਅਸਲ ਅਮਿਤ ਨੇ ਬਿੱਟਕੁਆਇਨ ਨੂੰ ਲੈਕੇ ਇਕ ਵੈਬਸਾਈਟ ਬਣਾਈ ਸੀ ਜਿਸ ਵਿਚ ਲੋਕਾਂ ਨੇ ਕਾਫੀ ਵੱਡੇ ਪੱਧਰ 'ਤੇ ਇਨਵੈਸਟ ਕੀਤਾ ਸੀ। ਕਿਹਾ ਜਾ ਰਿਹਾ ਹੈ ਕਿ ਇਸ ਘੋਟਾਲੇ ਦੀ ਰਕਮ 2000 ਕਰੋੜ ਤੋਂ ਵੀ ਜ਼ਿਆਦਾ ਹੋ ਸਕਦੀ ਹੈ।