ਮੁੰਬਈ: ਸਲਮਾਨ-ਜੈਕਲੀਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਰੇਸ-3’ ਦੀ ਪ੍ਰਮੋਸ਼ਨ ‘ਚ ਰੁੱਝੇ ਹਨ। ਹਾਲ ਹੀ ‘ਚ ਦੋਵਾਂ ਦੀ ਕੈਮਿਸਟ੍ਰੀ ਨੂੰ ਇੱਕ ਮੈਗਜੀਨ ਦੇ ਕਵਰ ਪੇਜ਼ ‘ਤੇ ਦੇਖਿਆ ਗਿਆ ਸੀ ਜਿਸ ਲਈ ਦੋਵਾਂ ਨੇ ਫੋਟੋਸ਼ੂਟ ਕਰਵਾਇਆ ਸੀ।



ਇਸੇ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ‘ਚ ਸਲਮਾਨ ਨੇ ਕੀਤਾ ਵੱਡਾ ਖੁਲਾਸਾ ਜੋ ਸੀ ਜੈਕਲੀਨ ਦੇ ਬਾਲੀਵੁੱਡ ‘ਚ ਡੈਬਿਊ ਨੂੰ ਲੈ ਕੇ। ਸਲਮਾਨ ਨੇ ਇੱਥੇ ਦੱਸਿਆ ਕਿ ਜੇਕਰ ਸਭ ਠੀਕ ਹੁੰਦਾ ਤਾਂ ਜੈਕਲੀਨ ਦੀ ਪਹਿਲੀ ਫ਼ਿਲਮ ‘ਅਲਾਦੀਨ’ ਨਹੀਂ ਸਗੋਂ ਉਨ੍ਹਾਂ ਦੇ ਨਾਲ ਫ਼ਿਲਮ ‘ਲੰਦਨ ਡ੍ਰੀਮਜ਼’ ਹੁੰਦੀ।



ਸਲਮਾਨ ਨੇ ਕਿਹਾ, ‘ਜੈਕਲੀਨ ਬਿਲਕੁਲ ਨਹੀਂ ਬਦਲੀ। ਮੈਂ ਉਸ ਨੂੰ ਸ਼੍ਰੀਲੰਕਾ ਤੋਂ ਜਾਣਦਾ ਹਾਂ ਤੇ ਇਹ ਪਹਿਲਾਂ ਵਰਗੀ ਹੀ ਹੈ। ਜੈਕਲੀਨ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ ‘ਲੰਦਨ ਡ੍ਰੀਮਜ਼’ ਤੋਂ ਕਰਨੀ ਸੀ ਪਰ ਫ਼ਿਲਮ ‘ਚ ਕਾਫੀ ਟਾਈਮ ਲੱਗ ਰਿਹਾ ਸੀ। ਇਸੇ ਲਈ ਉਸ ਨੇ ਪਹਿਲੀ ਫ਼ਿਲਮ ‘ਅਲਾਦੀਨ’ ਕੀਤੀ।’ ਇਸ ਫ਼ਿਲਮ ‘ਚ ਜੈਕਲੀਨ ਦੀ ਥਾਂ ਬਾਅਦ ‘ਚ ਅਸਿਨ ਨੂੰ ਲਿਆ ਗਿਆ ਸੀ। ਇਸ ਫ਼ਿਲਮ ‘ਚ ਸਲਮਾਨ ਖਾਨ ਨਾਲ ਅਜੇ ਦੇਵਗਨ ਤੇ ਓਮਪੁਰੀ ਵੀ ਸੀ।



ਜੈਕਲੀਨ ਤੇ ਸਲਮਾਨ ਖਾਨ ਦੀ ਪਹਿਲੀ ਫ਼ਿਲਮ ‘ਕਿੱਕ’ ਸੀ। ਇਸ ਤੋਂ ਬਾਅਦ ਦੋਵੇਂ ਹੁਣ ‘ਰੇਸ-3’ ‘ਚ ਨਜ਼ਰ ਆਉਣਗੇ। ਦੋਵਾਂ ‘ਚ ਕੈਮਿਸਟ੍ਰੀ ਕਾਫੀ ਵਧੀਆ ਹੈ। ਇਸ ਦੇ ਨਾਲ ਹੀ ਦੋਵੇਂ ਬਾਲੀਵੁੱਡ ਦੇ ਬੈਸਟ ਫ੍ਰੈਂਡ ਕਹੇ ਜਾਂਦੇ ਹਨ।