ਜੋਧਪੁਰ: ਫ਼ਿਲਮੀ ਸੁਪਰਸਟਾਰ ਸਲਮਾਨ ਖ਼ਾਨ ਨਾਲ ਜ਼ਮਾਨਤ ਮਿਲਣ ਬਾਰੇ ਬਿਲਕੁਲ ਫ਼ਿਲਮਾਂ ਵਾਂਗ ਹੀ ਹੋ ਰਿਹਾ ਹੈ। ਬੀਤੇ ਕੱਲ੍ਹ ਸਲਮਾਨ ਦੀ ਜ਼ਮਾਨਤ ਬਾਰੇ ਫ਼ੈਸਲਾ ਲੈਣ ਵਾਲੇ ਜੱਜ ਰਵਿੰਦਰ ਜੋਸ਼ੀ ਦਾ ਦੇਰ ਰਾਤ ਤਬਾਦਲਾ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਲਮਾਨ ਦੇ ਵਕੀਲ ਨੂੰ ਕੇਸ ਤੋਂ ਹਟਣ ਦੀਆਂ ਧਮਕੀ ਵੀ ਮਿਲੀ ਸੀ। ਹੁਣ ਸਲਮਾਨ ਦੀ ਜ਼ਮਾਨਤ 'ਤੇ ਸੁਣਵਾਈ ਜ਼ਿਲ੍ਹਾ ਜੱਜ ਚੰਦਰ ਕੁਮਾਰ ਸੋਨਗਰਾ ਕਰ ਰਹੇ ਹਨ।

ਸ਼ਨੀਵਾਰ ਸਵੇਰੇ ਸਾਢੇ ਕੁ ਦਸ ਵਜੇ ਸਲਮਾਨ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਸ਼ੁਰੂ ਕੀਤੀ। ਸੁਣਵਾਈ ਦੌਰਾਨ ਸਰਕਾਰੀ ਵਕੀਲ ਮਹੀਪਾਲ ਬਿਸ਼ਨੋਈ ਨੇ ਸਲਮਾਨ ਨੂੰ ਜ਼ਮਾਨਤ ਦੇਣ ਦਾ ਜ਼ਬਰਦਸਤ ਵਿਰੋਧ ਕੀਤਾ, ਜਦਕਿ ਸਲਮਾਨ ਦੇ ਵਕੀਲ ਮਹੇਸ਼ ਬੋੜਾ ਨੇ ਦਲੀਲ ਦਿੱਤੀ ਕਿ ਸਲਮਾਨ ਨੂੰ ਬਾਕੀ ਮਾਮਲਿਆਂ ਵਿੱਚ ਵੀ ਜ਼ਮਾਨਤ ਮਿਲਦੀ ਰਹੀ ਹੈ।

ਸਲਮਾਨ ਦੇ ਵਕੀਲ ਨੇ ਆਪਣੇ ਮੁਵੱਕਿਲ ਦੇ ਪੱਖ ਵਿੱਚ ਕਾਫੀ ਦਲੀਲਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸਲਮਾਨ ਨੇ ਅਦਾਲਤ ਦਾ ਹਮੇਸ਼ਾ ਸਹਿਯੋਗ ਕੀਤਾ ਹੈ ਤੇ ਉਹ ਭਗੌੜਾ ਨਹੀਂ ਹੈ। ਹਾਲਾਂਕਿ ਸਰਕਾਰੀ ਵਕੀਲ ਨੇ ਸਲਮਾਨ ਵਿਰੁੱਧ ਸਬੂਤਾਂ ਦੀ ਗੱਲ ਕਰਦਿਆਂ ਜ਼ਮਾਨਤ ਦਾ ਵਿਰੋਧ ਕੀਤਾ।

ਇਸ ਮਾਮਲੇ 'ਤੇ ਜਾਰੀ ਸਸਪੈਂਸ ਹੁਣ ਲੰਚ ਬ੍ਰੇਕ ਤੋਂ ਬਾਅਦ ਹੀ ਟੁੱਟ ਸਕਦਾ ਹੈ। ਜੇਕਰ ਬਾਅਦ ਦੁਪਹਿਰ ਸਲਮਾਨ ਨੂੰ ਜ਼ਮਾਨਤ ਮਿਲਦੀ ਹੈ ਤਾਂ ਪਹਿਲਾਂ ਹੁਕਮ ਟ੍ਰਾਇਲ ਕੋਰਟ ਜਾਣਗੇ ਤੇ ਫਿਰ ਟ੍ਰਾਇਲ ਕੋਰਟ ਤੋਂ ਜ਼ਮਾਨਤ ਦੇ ਹੁਕਮ ਕੇਂਦਰੀ ਜੇਲ੍ਹ ਜੋਧਪੁਰ ਜਾਣਗੇ। ਇਸ ਪੂਰੀ ਪ੍ਰਕਿਰਿਆ ਵਿੱਚ ਸ਼ਾਮ ਹੋ ਸਕਦੀ ਹੈ, ਪਰ ਉਹ ਤਾਂ ਜੇਕਰ ਸੈਸ਼ਨ ਕੋਰਟ ਸਲਮਾਨ ਨੂੰ ਜ਼ਮਾਨਤ ਦੇ ਦਿੰਦੀ ਹੈ।