ਸਵਰਾ ਭਾਸਕਰ (Swara Bhasker) ਨੂੰ ਹਮੇਸ਼ਾ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਬੇਮਿਸਾਲ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਉਹ ਅਕਸਰ ਕਿਸੇ ਨਾ ਕਿਸੇ ਮੁੱਦੇ 'ਤੇ ਅਜਿਹੇ ਬਿਆਨ ਦਿੰਦੀ ਰਹਿੰਦੀ ਹੈ, ਜਿਸ ਕਾਰਨ ਉਹ ਚਰਚਾ 'ਚ ਆ ਜਾਂਦੀ ਹੈ। ਇਸ ਵਾਰ ਵੀ ਉਹ ਇੱਕ ਅਜਿਹੇ ਬਿਆਨ ਕਾਰਨ ਕਰਕੇ ਸੁਰਖੀਆਂ 'ਚ ਹਨ, ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਅਦਾਕਾਰਾ ਦਾ ਇਹ ਬਿਆਨ ਸੁਣ ਕੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਾਈਕਾਟ ਦੇ ਟਰੈਂਡ ਦਾ ਰਾਜ਼ (Swara Bhasker on boycott trend) ਖੋਲ੍ਹ ਕੇ ਰੱਖ ਦਿੱਤਾ ਹੈ। ਤਾਂ ਕੀ ਹੈ ਪੂਰਾ ਮਾਮਲਾ? ਸਵਰਾ ਨੇ ਅਜਿਹਾ ਕਿਹੜਾ ਬਿਆਨ ਦਿੱਤਾ ਹੈ? ਇਸ ਬਾਰੇ ਤੁਸੀਂ ਇਸ ਲੇਖ 'ਚ ਜਾਣੋਗੇ।


ਦੱਸ ਦੇਈਏ ਕਿ ਸਵਰਾ ਨੇ ਆਪਣੇ ਇੱਕ ਇੰਟਰਵਿਊ (Swara Bhasker interview) 'ਚ ਇਹ ਗੱਲਾਂ ਕਹੀਆਂ ਹਨ। ਜਿਸ 'ਚ ਉਨ੍ਹਾਂ ਕਿਹਾ, "ਮੈਨੂੰ ਨਹੀਂ ਪਤਾ ਕਿ ਬਾਈਕਾਟ ਦੇ ਟਰੈਂਡ ਬਿਜਨੈਸ ਨੂੰ ਕਿੰਨਾ ਪ੍ਰਭਾਵਿਤ ਕਰਦੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਆਲੀਆ ਭੱਟ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਨੈਗੇਟਿਵ ਅਟੈਨਸ਼ਨ ਮਿਲਿਆ, ਜੋ ਕਿ ਬੇਸ਼ੱਕ ਪੂਰੀ ਤਰ੍ਹਾਂ ਗਲਤ ਸੀ, ਜਿਸ ਤਰ੍ਹਾਂ ਦੇ ਦੋਸ਼ਾਂ ਬਾਰੇ ਬਾਲੀਵੁੱਡ ਏ-ਲਿਸਟਰਜ਼ ਬਾਰੇ ਲਗਾਏ ਜਾ ਰਹੇ ਸਨ। ਉਸ ਸਮੇਂ 'ਸੜਕ-2' ਰਿਲੀਜ਼ ਹੋਈ ਸੀ, ਇਸ ਨੂੰ ਬਹੁਤ ਜ਼ਿਆਦਾ ਬਾਈਕਾਟ ਕਾਲ ਨੈਗੇਟਿਵ ਪਬਲੀਸਿਟੀ ਮਿਲੀ ਸੀ।"


ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਲੋਕ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਅਜਿਹੀਆਂ ਗੱਲਾਂ ਕਰ ਰਹੇ ਹਨ। ਸਵਰਾ ਨੇ ਕਿਹਾ, "ਜਦੋਂ ਗੰਗੂਬਾਈ ਕਾਠਿਆਵਾੜੀ ਆਈ ਤਾਂ ਉਸੇ ਤਰ੍ਹਾਂ ਦੀ ਗੱਲਬਾਤ ਸ਼ੁਰੂ ਹੋਈ - ਨੇਪੋਟਿਜ਼ਮ (ਭਾਈ-ਭਤੀਜਾਵਾਦ), ਸੁਸ਼ਾਂਤ, ਬਾਈਕਾਟ ਟਰੈਂਡ ਬਾਰੇ। ਪਰ ਲੋਕ ਸਿਨੇਮਾ ਘਰਾਂ 'ਚ ਗਏ ਅਤੇ ਇਸ ਫ਼ਿਲਮ ਨੂੰ ਪਿਆਰ ਦਿੱਤਾ।"


ਇਸ ਤੋਂ ਇਲਾਵਾ ਸਵਰਾ (Swara Bhasker boycott statement) ਨੇ ਅੱਗੇ ਕਿਹਾ, "ਬਾਈਕਾਟ ਬਿਜਨੈਸ ਨੂੰ ਅੱਗੇ ਵਧਾਇਆ ਗਿਆ ਹੈ, ਇਹ ਲੋਕਾਂ ਦਾ ਇੱਕ ਛੋਟਾ ਜਿਹਾ ਗਰੁੱਪ ਹੈ, ਜੋ ਇੱਕ ਖ਼ਾਸ ਏਜੰਡੇ ਤੋਂ ਪ੍ਰੇਰਿਤ ਹੈ। ਉਹ ਬਾਲੀਵੁੱਡ ਨੂੰ ਨਫ਼ਰਤ ਕਰਦੇ ਹਨ, ਉਹ ਬਾਲੀਵੁੱਡ ਨੂੰ ਖਤਮ ਕਰਨਾ ਚਾਹੁੰਦੇ ਹਨ। ਬਾਲੀਵੁਡ ਬਾਰੇ ਬਕਵਾਸ ਫੈਲਾ ਰਹੇ ਹਨ... ਮੈਨੂੰ ਲੱਗਦਾ ਹੈ ਕਿ ਉਹ ਇਸ ਤੋਂ ਕਮਾਈ ਕਰ ਰਹੇ ਹਨ... ਸਾਡੇ ਕੋਲ ਇਹ ਸਾਬਤ ਕਰਨ ਲਈ ਕਾਫੀ ਸਬੂਤ ਹਨ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਪੇਡ ਟਰੈਂਡ ਹਨ। ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੇ ਸੁਸ਼ਾਂਤ ਦੀ ਮੌਤ ਦੀ ਵਰਤੋਂ ਆਪਣੇ ਏਜੰਡੇ ਲਈ ਕੀਤੀ।"