ਬੰਗਲੁਰੁ: ਆਡੀਸ਼ਨ ਦੌਰਾਨ ਭੱਦੇ ਸਵਾਲ ਪੁੱਛਣ ਵਾਲਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪ੍ਰਾਈਵੇਟ ਚੈਨਲ ਖਿਲਾਫ 100 ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਕੀਤਾ। ਵਿਰੋਧ ਕਰਨ ਵਾਲਿਆਂ ਦਾ ਇਲਜ਼ਾਮ ਸੀ ਕਿ ਪ੍ਰਾਈਵੇਟ ਇੰਟਰਟੇਨਮੈਂਟ ਚੈਨਲ ਨੇ ਸ਼ੋਅ ਦੇ ਆਡੀਸ਼ਨ ਲਈ ਗੰਦੇ ਸਵਾਲ ਪੁੱਛੇ। ਆਡੀਸ਼ਨ ਇੱਕ ਪ੍ਰਾਈਵੇਟ ਕਾਲਜ ਵਿੱਚ ਹੋ ਰਿਹਾ ਸੀ ਜਿਸ ਵਿੱਚ ਕੁੜੀਆਂ ਸਣੇ ਕਈ ਔਰਤਾਂ ਮੌਜੂਦ ਸਨ।
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਸੈਕਸ ਬਾਰੇ ਕਿੰਨਾ ਜਾਣਦੇ ਹਨ? ਸਾਹਮਣੇ ਜਿਹੜਾ ਮੁੰਡਾ ਖੜ੍ਹਾ ਹੈ, ਉਸ ਨੂੰ ਚੁੰਮਣ ਲਈ ਵੀ ਕਿਹਾ ਗਿਆ। ਇਹ ਗੱਲ ਜਦੋਂ ਆਡੀਸ਼ਨ ਰੂਮ ਤੋਂ ਬਾਹਰ ਆਈ ਤਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਹੰਗਾਮਾ ਹੋਣ ਲੱਗਿਆ। ਪੁਲਿਸ ਦੇ ਆਉਣ 'ਤੇ ਆਡੀਸ਼ਨ ਬੰਦ ਕਰਨਾ ਪਿਆ।
ਆਡੀਸ਼ਨ ਦੇਣ ਗਈ ਕੁੜੀ ਨੇ ਦੱਸਿਆ ਕਿ ਪਹਿਲੇ ਹੀ ਰਾਊਂਡ ਵਿੱਚ ਉਸ ਨੂੰ ਕੱਪੜੇ ਲਾਹੁਣ ਤੇ ਕਿਸ ਕਰਨ ਨੂੰ ਕਿਹਾ ਗਿਆ। ਜੇ ਪਹਿਲੇ ਰਾਊਂਡ ਵਿੱਚ ਇਹ ਸੀ ਤਾਂ ਦੂਜੇ ਰਾਊਂਡ ਵਿੱਚ ਕੀ ਹੋਵੇਗਾ। ਕੁੜੀ ਨੇ ਕਿਹਾ, "ਅਸੀਂ ਇਹ ਸਾਰਾ ਕੁਝ ਕਰਕੇ ਰਿਐਲਿਟੀ ਸ਼ੋਅ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ।"
ਇੱਕ ਹੋਰ ਕੁੜੀ ਤੋਂ ਸਵਾਲ ਪੁੱਛਿਆ ਗਿਆ ਕਿ ਤੁਹਾਡੇ ਕਿੰਨੇ ਬੁਆਏਫ੍ਰੈਂਡ ਜਾਂ ਲਵਰਜ਼ ਹਨ। ਜਦੋਂ ਜਵਾਬ ਨਾ ਵਿੱਚ ਦਿੱਤਾ ਤਾਂ ਕਿਹਾ ਗਿਆ ਕਿ ਤੁਹਾਡੇ ਬੁਆਏਫ੍ਰੈਂਡ ਕਿਉਂ ਨਹੀਂ? ਇਸ ਤੋਂ ਬਾਅਦ ਸੈਕਸ ਬਾਰੇ ਵੀ ਭੱਦੇ ਸਵਾਲ ਪੁੱਛੇ ਗਏ।
ਇੱਕ ਕੁੜੀ ਨੇ ਕਿਹਾ ਕਿ ਉਸ ਨੂੰ ਆਡੀਸ਼ਨ ਲੈਣ ਵਾਲਿਆਂ ਨੇ ਕਿਹਾ ਕਿ ਜੇਕਰ ਤੁਸੀਂ ਸਾਰਿਆਂ ਦੇ ਸਾਹਮਣੇ ਕੱਪੜੇ ਬਦਲ ਲਉਗੇ ਤਾਂ ਦੂਜੇ ਰਾਊਂਡ ਵਿੱਚ ਜਾ ਸਕਦੇ ਹੋ। ਇਸ ਤੋਂ ਬਾਅਦ ਕੁੜੀ ਆਡੀਸ਼ਨ ਛੱਡ ਕੇ ਚਲੀ ਗਈ।