ਮੁੰਬਈ: ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਇੱਕ ਵਾਰ ਕਿਹਾ ਸੀ ਕਿ ਵਿਦਿਆ ਬਾਲਨ ਇੰਡਸਟਰੀ ਦੀ ਆਮਿਰ ਖਾਨ ਹਨ। ਵਿਦਿਆ ਦਾ ਕਹਿਣਾ ਹੈ ਕਿ ਇਹ ਸੁਣ ਕੇ ਉਨ੍ਹਾਂ ਨੂੰ ਕਾਫੀ ਚੰਗਾ ਲੱਗਦਾ ਹੈ ਪਰ ਇਹ ਬਿਲਕੁਲ ਵੀ ਸੱਚ ਨਹੀਂ। ਉਨ੍ਹਾਂ ਕਿਹਾ, "ਜਿਸ ਦਿਨ ਮੇਰੀਆਂ ਫਿਲਮਾਂ ਆਮਿਰ ਜਿੰਨਾ ਕਮਾਉਣਗੀਆਂ, ਸ਼ਾਇਦ ਅਸੀਂ ਇਹ ਕਹਿ ਸਕੀਏ ਪਰ ਆਮਿਰ ਸਾਲਾਂ ਤੋਂ ਇੰਡਸਟਰੀ ਵਿੱਚ ਹਨ, ਉਹ ਇੱਕ ਮਾਰਕੀਟਿੰਗ ਗੁਰੂ ਹਨ, ਮੈਂ ਤਾਂ ਕਦੇ ਉਨ੍ਹਾਂ ਨਾਲ ਕੰਮ ਵੀ ਨਹੀਂ ਕੀਤਾ।"
ਵਿਦਿਆ ਨੇ ਫੀਮੇਲ ਸੈਂਟ੍ਰਿਕ ਫਿਲਮਾਂ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, "ਮੈਂ ਆਪਣੇ 'ਤੇ ਇਹ ਜ਼ਿੰਮੇਵਾਰੀ ਨਹੀਂ ਲੈਂਦੀ। ਇਸ ਦਾ ਸਾਰਾ ਸਿਹਰਾ ਲੇਖਕਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਨ੍ਹਾਂ ਫਿਲਮਾਂ ਨੂੰ ਲਿਖਿਆ। ਇੰਨਾ ਜ਼ਰੂਰ ਹੈ ਕਿ ਮੈਂ ਕਿਸੇ ਦਾ ਸਹਾਰਾ ਲੈਣ ਦੇ ਬਜਾਏ ਆਪਣੇ ਦੋ ਪੈਰਾਂ ਤੇ ਖੜ੍ਹਾ ਹੋਣਾ ਪਸੰਦ ਕਰਦੀ ਹਾਂ।
ਵਿਦਿਆ ਜਲਦ 'ਕਹਾਣੀ 2' ਵਿੱਚ ਵੱਡੇ ਪਰਦੇ 'ਤੇ ਨਜ਼ਰ ਆਏਗੀ। ਫਿਲਮ ਬਾਰੇ ਉਨ੍ਹਾਂ ਕਿਹਾ ਕਿ ਇਹ ਨਵੀਂ ਫਿਲਮ ਹੈ ਤੇ ਇਸ ਨੂੰ ਪੁਰਾਣੀ ਕਹਾਣੀ ਨਾਲ ਮਿਲਾਇਆ ਨਾ ਜਾਏ। ਫਿਲਮ 2 ਦਸੰਬਰ ਨੂੰ ਰਿਲੀਜ਼ ਹੋਵੇਗੀ।