ਮੁਬੰਈ: ਦੀਪਿਕਾ ਪਾਦੂਕੋਣ ਅਤੇ ਵਿਕਰਾਂਤ ਮੇਸੀ ਦੀ ਫ਼ਿਲਮ 'ਛਪਾਕ' ਨੂੰ ਹਾਲੇ ਰਿਲੀਜ਼ ਹੋਏ ਇੱਕ ਦਿਨ ਹੀ ਹੋਇਆ ਹੈ, ਪਰ ਇਸ ਦੇ ਆਨ ਲਾਈਨ ਲੀਕ ਹੋਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਕਈ ਫ਼ਿਲਮਾਂ ਲੀਕ ਕਰਨ ਵਾਲੇ ਤਮਿਲ ਰੌਕਰਜ਼ ਨੇ ਇਸ ਫ਼ਿਲਮ ਨੂੰ ਲੀਕ ਕੀਤਾ ਹੈ।

ਖਬਰਾਂ ਅਨੁਸਾਰ ਫ਼ਿਲਮ 'ਛਪਾਕ' ਰਿਲੀਜ਼ ਵਾਲੇ ਦਿਨ ਹੀ ਤਮਿਲ ਰੌਕਰਜ਼ 'ਤੇ ਉਪਲੱਬਧ ਹੋ ਗਈ ਸੀ। ਇਸ ਬਾਰੇ ਨਿਰਮਾਤਾ ਵੱਲੋਂ ਕਿਸੇ ਪ੍ਰਤੀਕਰਮ ਜਾਂ ਕਾਰਵਾਈ ਦੀ ਕੋਈ ਖ਼ਬਰ ਨਹੀਂ ਹੈ।

ਫ਼ਿਲਮ ਨੂੰ ਮਿਲ ਰਹੇ ਹੁੰਗਾਰੇ ਦੀ ਗੱਲ ਕਰਦਿਆਂ, ਦਰਸ਼ਕ ਦੀਪਿਕਾ ਪਾਦੂਕੋਣ ਦੇ ਅਭਿਨੈ ਤੋਂ ਬਹੁਤ ਪ੍ਰਭਾਵਿਤ ਹੋਏ ਜਾਪਦੇ ਹਨ। ਬੀਟਾਉਨ ਦੇ ਸਿਤਾਰਿਆਂ ਨੇ ਵੀ ਇਸ ਫ਼ਿਲਮ ਨੂੰ ਭਾਵਨਾਵਾਂ ਨੂੰ ਝੰਜੋੜਣ ਵਾਲੀ ਫ਼ਿਲਮ ਦੱਸਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ 'ਛਪਾਕ' ਤੇਜ਼ਾਬ ਹਮਲਾ ਪੀੜਤ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਅਧਾਰਤ ਹੈ। ਇਸ ਵਿੱਚ ਦੀਪਿਕਾ ਲਕਸ਼ਮੀ 'ਤੇ ਤੇਜ਼ਾਬੀ ਹਮਲਿਆਂ ਦੇ ਪ੍ਰਭਾਵ, ਨਿਆਂ ਲਈ ਲੜਨ, ਸਮਾਜ ਵਿੱਚ ਜਗ੍ਹਾ ਬਣਾਉਣ ਲਈ ਸੰਘਰਸ਼ ਕਰਨ ਅਤੇ ਦੁਬਾਰਾ ਖ਼ੁਸ਼ੀ ਨਾਲ ਜ਼ਿੰਦਗੀ ਜੀਉਣ ਦੇ ਇਮੋਸ਼ਨ ਨੂੰ ਪਰਦੇ' ਤੇ ਉਤਾਰਦੀ ਦਿਖਾਈ ਦੇ ਰਹੀ ਹੈ। ਮੇਘਨਾ ਗੁਲਜ਼ਾਰ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ।