ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਫਨਕਾਰ ਤੇ ਲੇਖਕ ਰਾਣਾ ਰਣਬੀਰ ਆਪਣੇ ਦਰਸ਼ਕਾਂ ਲਈ ਫ਼ਿਲਮ 'ਪੋਸਤੀ' ਲੈ ਕੇ ਆ ਰਹੇ ਹਨ। ਇਸ ਫਿਲਮ 'ਚ ਖੁਦ ਰਾਣਾ ਰਣਬੀਰ, ਪੰਜਾਬੀ ਗਾਇਕ ਬੱਬਲ ਰਾਏ ਤੇ ਸੁਰੀਲੀ ਗੌਤਮ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਪੋਸਤੀ ਦੇ ਨਿਰਮਾਤਾ ਗਿੱਪੀ ਗਰੇਵਾਲ ਹਨ ਤੇ ਉਨ੍ਹਾਂ ਨੇ ਹੀ ਫ਼ਿਲਮ ਦਾ ਟਾਇਟਲ ਟ੍ਰੈਕ ਗਾਇਆ ਹੈ।


ਗੱਲਬਾਤ ਦੌਰਾਨ ਰਾਣਾ ਰਣਬੀਰ ਨੇ ਦੱਸਿਆ ਕਿ ਇਸ ਫ਼ਿਲਮ 'ਚ 11 ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਗਾਇਕ ਜੈਜ਼ੀ ਬੀ ਵਲੋਂ ਫ਼ਿਲਮ 'ਚ ਕੈਮਿਓ ਕੀਤਾ ਗਿਆ ਹੈ। ਇਹ ਫ਼ਿਲਮ 20 ਮਾਰਚ ਨੂੰ ਸਿਨੇਮਾ ਘਰਾਂ 'ਚ ਲੱਗਣ ਜਾ ਰਹੀ ਹੈ। 'ਪੋਸਤੀ' ਤੋਂ ਬਾਅਦ ਰਾਣਾ ਰਣਬੀਰ ਆਪਣੇ ਦਰਸ਼ਕਾਂ ਲਈ ਅਗਲੀ ਫਿਲਮ 'ਮਾਂ' ਲੈ ਕੇ ਆਏ ਹਨ।

ਇਸ ਦੇ ਲੇਖਕ ਵੀ ਰਾਣਾ ਰਣਬੀਰ ਹੀ ਹਨ ਤੇ ਗਿੱਪੀ ਗਰੇਵਾਲ ਹੀ ਇਸ ਦੇ ਨਿਰਮਾਤਾ ਹਨ। 'ਮਾਂ' 'ਚ ਮੁੱਖ ਭੂਮਿਕਾ 'ਚ ਬੱਬਲ ਰਾਏ ਨਜ਼ਰ ਆਉਣਗੇ, ਜਦਕਿ ਫ਼ਿਲਮ ਦੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਹਨ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ 'ਅਰਦਾਸ' ਫ਼ਿਲਮ ਆਪਣੇ ਦਰਸ਼ਕਾਂ ਲਈ ਲੈ ਕੇ ਆਏ ਸੀ, ਜਿਸ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।