ਚੰਡੀਗੜ੍ਹ: ਮਜ਼ਲੂਮਾਂ ਦੀ ਰਾਖੀ ਦਾ ਪਾਠ ਸਿੱਖਾਂ ਨੂੰ ਉਨ੍ਹਾਂ ਦੇ ਗੁਰੂ ਸਹਿਬਾਨ ਹੀ ਸਿਖਾ ਗਏ ਹਨ। ਜਦੋਂ ਵੀ ਲੋਕਾਂ 'ਤੇ ਬਿਪਤਾ ਆਉਂਦੀ ਹੈ ਤਾਂ ਸਿੱਖ ਸਭ ਤੋਂ ਪਹਿਲਾਂ ਮਦਦ ਲਈ ਬਹੁੜਦੇ ਹਨ। ਸਿਰ 'ਤੇ ਦਸਤਾਰ ਕਰਕੇ ਉਹ ਲੋਕਾਂ ਦਾ ਧਿਆਨ ਵੀ ਆਸਾਨੀ ਨਾਲ ਖਿੱਚ ਲੈਂਦੇ ਹਨ। ਇਸ ਕਰਕੇ ਹੀ ਮੀਡੀਆ ਵਿੱਚ ਅਕਸਰ ਸਿੱਖਾਂ ਦੀ ਸੇਵਾ ਭਾਵਨਾ ਦੀਆਂ ਰਿਪੋਰਟਾਂ ਛਪਦੀਆਂ ਰਹਿੰਦੀਆਂ ਹਨ।


ਹੁਣ ਅਜਿਹੀ ਹੀ ਇੱਕ ਰਿਪੋਰਟ ਦਿੱਲੀ ਵਿੱਚੋਂ ਆਈ ਹੈ ਜਿਸ ਦੀ ਦੁਨੀਆ ਭਰ ਵਿੱਚ ਚਰਚਾ ਹੈ। ਇੱਥੇ ਸਿੱਖ ਪਿਓ-ਪੁੱਤ ਤੇ ਆਪਣੀ ਜਾਨ 'ਤੇ ਖੇਡ ਕੇ 60 ਤੋਂ 80 ਮੁਸਲਮਾਨਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ। ਸੋਸ਼ਲ ਮੀਡੀਆ ਉੱਪਰ ਇਹ ਬਹਾਦਰੀ ਦਾ ਕਾਰਨਾਮਾ ਸਾਹਮਣੇ ਆਉਣ ਮਗਰੋਂ ਸਿੱਖਾਂ ਦੀ ਖੂਬ ਤਾਰੀਫ ਹੋ ਰਹੀ ਹੈ।


ਦੱਸ ਦਈਏ ਕਿ ਦਿੱਲੀ ਦੰਗੇ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਸਭ ਤੋਂ ਭਿਆਨਕ ਸਨ। ਇੱਥੇ ਪੁਲਿਸ ਮੂਕ ਦਰਸ਼ਕ ਬਣੀ ਹੋਈ ਸੀ ਤੇ ਦੰਗਾਕਾਰੀ ਸ਼ਰੇਆਮ ਘਰਾਂ, ਦੁਕਾਨਾਂ ਤੇ ਵਾਹਨਾਂ ਨੂੰ ਸਾੜ ਰਹੇ ਸੀ। ਲੋਕਾਂ ਵਿੱਚ ਦਹਿਸ਼ਤ ਸੀ। ਕੋਈ ਘਰੋਂ ਬਾਹਰ ਨਿਕਲਣ ਲਈ ਤਿਆਰ ਨਹੀਂ ਸੀ। ਅਜਿਹੇ ਵਿੱਚ ਮਹਿੰਦਰ ਸਿੰਘ (53) ਤੇ ਉਸ ਦੇ ਪੁੱਤਰ ਇੰਦਰਜੀਤ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਮੁਸਲਮਾਨਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ।


ਹਾਸਲ ਜਾਣਕਾਰੀ ਮੁਤਾਬਕ ਦੋਵੇਂ ਪਿਓ-ਪੁੱਤਰ ਨੇ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ਨੂੰ ਆਪਣੇ ਬੁਲੇਟ ਮੋਟਰਸਾਈਕਲ ਤੇ ਸਕੂਟੀ ਰਾਹੀਂ ਦੰਗਿਆਂ ਵਾਲੇ ਸਥਾਨ ਤੋਂ ਕੱਢਿਆ। ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਇਲਾਕੇ ’ਚ ਹਿੰਦੂਆਂ ਦੀ ਵੱਡੀ ਆਬਾਦੀ ਹੋਣ ਕਰਕੇ ਹਾਲਾਤ ਤਣਾਅ ਵਾਲੇ ਬਣ ਰਹੇ ਸਨ। ਉਨ੍ਹਾਂ ਨੂੰ ਖ਼ਦਸ਼ਾ ਹੋ ਗਿਆ ਸੀ ਕਿ ਗੁਆਂਢ ’ਚ ਰਹਿੰਦੇ ਮੁਸਲਿਮ ਭਾਈਚਾਰੇ ਦੀ ਜਾਨ ਮੁਸ਼ਕਲ ’ਚ ਪੈ ਸਕਦੀ ਹੈ।

ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁੱਤਰ ਨਾਲ ਮਿਲ ਕੇ ਗੋਕਲਪੁਰੀ ਤੋਂ ਕਰਦਮਪੁਰੀ ਤੱਕ ਇੱਕ ਘੰਟੇ ’ਚ 20-20 ਗੇੜੇ ਕੱਟੇ। ਉਹ ਖੁਦ ਸਕੂਟੀ ਚਲਾਉਂਦੇ ਸਨ ਜਦਕਿ ਪੁੱਤਰ ਮੋਟਰਸਾਈਕਲ ’ਤੇ ਮੁਸਲਮਾਨਾਂ ਨੂੰ ਬਿਠਾ ਕੇ ਲਿਜਾਂਦਾ ਰਿਹਾ। ਉਨ੍ਹਾਂ ਦੱਸਿਆ ਕਿ ਇੱਕ ਗੇੜੇ ’ਚ ਉਹ ਤਿੰਨ ਤੋਂ ਚਾਰ ਔਰਤਾਂ ਤੇ ਬੱਚਿਆਂ ਨੂੰ ਲੈ ਕੇ ਜਾਂਦੇ ਸਨ।

ਕੁਝ ਮੁਸਲਿਮ ਨੌਜਵਾਨਾਂ ਨੂੰ ਦੰਗਾਕਾਰੀਆਂ ਦੀ ਨਜ਼ਰ ਤੋਂ ਬਚਾਉਣ ਲਈ ਉਨ੍ਹਾਂ ਦੇ ਸਿਰ ’ਤੇ ਦਸਤਾਰਾਂ ਵੀ ਸਜਾਈਆਂ ਗਈਆਂ। ਮਹਿੰਦਰ ਸਿੰਘ ਤੇ ਇੰਦਰਜੀਤ ਸਿੰਘ ਵੱਲੋਂ ਪੇਸ਼ ਕੀਤੀ ਗਈ ਮਿਸਾਲ ਦੀ ਟਵਿੱਟਰ ’ਤੇ ਵੀ ਚਰਚਾ ਹੋ ਰਹੀ ਹੈ ਤੇ ਲੋਕਾਂ ਵੱਲੋਂ ਉਨ੍ਹਾਂ ਨੂੰ ‘ਨਾਇਕ’ ਕਰਾਰ ਦਿੱਤਾ ਗਿਆ ਹੈ।