ਚੰਡੀਗੜ੍ਹ: ਹਿੰਦੀ ਸਿਨੇਮਾ ਜਗਤ ਦੇ ਮਹਾਨ ਅਦਾਕਾਰਾਂ ਵਿੱਚ ਸਭ ਤੋਂ ਅੱਗੇ ਖੜੇ ਇਰਫਾਨ ਖਾਨ ਹੁਣ ਨਹੀਂ ਰਹੇ। ਉਸਨੇ ਬੁੱਧਵਾਰ ਸਵੇਰੇ 11 ਵਜੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ 54 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ ਅਤੇ ਇਸ ਤਰ੍ਹਾਂ ਭਾਰਤੀ ਸਿਨੇਮਾ ਨੇ ਆਪਣਾ ਇੱਕ ਵਿਲੱਖਣ ਸਿਤਾਰਾ ਗੁਆ ਲਿਆ। ਇਰਫਾਨ ਨੇ ਉਸ ਵੇਲੇ ਸਭ ਨੂੰ ਛੱਡ ਕਿ ਗਏ ਜਦੋਂ ਉਸਦੇ ਲੱਖਾਂ ਪ੍ਰਸ਼ੰਸਕ, ਇੱਥੋਂ ਤਕ ਕਿ ਉਸਦੇ ਪਰਿਵਾਰਕ ਮੈਂਬਰ ਵੀ ਉਸਨੂੰ ਉਹ ਵਿਦਾਈ ਨਹੀਂ ਦੇ ਸਕੇ ਜਿਸਦਾ ਉਹ ਹੱਕਦਾਰ ਸੀ।




ਇਰਫਾਨ ਖਾਨ ਨੂੰ ਮੁੰਬਈ ਦੇ ਵਰਸੋਵਾ ਸਥਿਤ ਕਬਰਸਤਾਨ 'ਚ ਸੁਪੁਰਦ-ਏ-ਖ਼ਾਕ ਕੀਤਾ ਗਿਆ। ਇਸ ਮੌਕੇ 'ਤੇ ਸਿਰਫ ਕੁਝ ਚੁਣੇ ਲੋਕ ਉਸਦੇ ਅੰਤਿਮ ਸਫ਼ਰ 'ਚ ਉਸਦੇ ਨਾਲ ਸਨ। ਇਰਫਾਨ ਦਾ ਮੁੰਬਈ 'ਚ ਘਰ ਹੈ। ਉਸ ਦੀ ਪਤਨੀ ਸੁਤਾਪਾ ਸਿੰਕਾਦਰ ਅਤੇ ਦੋ ਬੇਟੇ ਹਨ।ਪਰ ਕੋਰੋਨਾ ਦੀ ਤਬਾਹੀ ਕਾਰਨ ਦੇਸ਼ ਵਿਆਪੀ ਲੌਕਡਾਉਨ ਲੱਗਿਆ ਹੋਇਆ ਹੈ। ਇਹੀ ਕਾਰਨ ਸੀ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਹਸਪਤਾਲ ਤੋਂ ਹੀ ਇਰਫਾਨ ਦੀ ਆਖਰੀ ਯਾਤਰਾ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਇੰਝ ਹੀ ਕੀਤਾ ਗਿਆ।



ਇਰਫਾਨ ਨੇ ਆਪਣੇ 32 ਸਾਲਾਂ ਦੇ ਫਿਲਮੀ ਕਰੀਅਰ ਵਿੱਚ ਆਪਣੀ ਅਦਾਕਾਰੀ ਨਾਲ ਕਈ ਫਿਲਮਾਂ ਨੂੰ ਯਾਦਗਾਰੀ ਬਣਾਇਆ। ਜਦੋਂ ਉਸਨੇ ਮੀਰਾ ਨਾਇਰ ਵਲੋਂ ਨਿਰਦੇਸ਼ਤ ਫਿਲਮ 'ਸਲਾਮ ਬੰਬੇ' ਵਿੱਚ ਕੰਮ ਕੀਤਾ, ਤਾਂ ਉਸ ਦੀ ਉਮਰ ਲਗਭਗ 21 ਸਾਲਾਂ ਦੀ ਸੀ। ਕੌਣ ਜਾਣਦਾ ਸੀ ਕਿ ਇਹ ਲੜਕਾ ਇੱਕ ਦਿਨ ਹਿੰਦੀ ਸਿਨੇਮਾ ਸਮੇਤ ਹੌਲੀਵੁੱਡ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਜਾਦੂ ਵਿਖਾਵੇਗਾ। ਉਸ ਦੀ ਆਖਰੀ ਫਿਲਮ 'ਅੰਗ੍ਰੇਜ਼ੀ ਮੀਡੀਅਮ' 13 ਮਾਰਚ 2020 ਨੂੰ ਉਸਦੀ ਮੌਤ ਤੋਂ ਠੀਕ 46 ਦਿਨ ਪਹਿਲਾਂ ਵੱਡੇ ਪਰਦੇ 'ਤੇ ਰਿਲੀਜ਼ ਹੋਈ ਸੀ।

ਕਿਸ ਬਿਮਾਰੀ ਨਾਲ ਪੀੜਤ ਸੀ ਇਰਫਾਨ?
ਇਰਫਾਨ ਖਾਨ ‘ਨਿਊਰੋਏਂਡੋਕਰੀਨ ਟਿਊਮਰ’ ਨਾਮ ਦੀ ਬਿਮਾਰੀ ਨਾਲ ਜੂਝ ਰਿਹਾ ਸੀ। ਇਹ ਬਿਮਾਰੀ ਬਹੁਤ ਘੱਟ ਹੈ ਅਤੇ ਦੁਨੀਆ ਦੇ ਬਹੁਤ ਘੱਟ ਲੋਕਾਂ ਵਿੱਚ ਹੁੰਦੀ ਹੈ। ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਜਾਂਦਾ ਰਿਹਾ ਹੈ ਕਿ ਇਹ ਬਿਮਾਰੀ ਕਿਉਂ ਹੁੰਦੀ ਹੈ, ਇਸ ਦਾ ਅਜੇ ਤਕ ਪਤਾ ਨਹੀਂ ਲਗ ਸਕਿਆ ਹੈ। 5 ਮਾਰਚ 2018 ਨੂੰ, ਇਰਫਾਨ ਨੇ ਆਪਣੇ ਸਾਰੇ ਅਜ਼ੀਜ਼ਾਂ ਨੂੰ ਇੰਸਟਾਗ੍ਰਾਮ ਦੇ ਜ਼ਰੀਏ ਦੱਸਿਆ ਕਿ ਉਹ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਹੈ ਅਤੇ ਇਲਾਜ ਲਈ ਵਿਦੇਸ਼ ਜਾ ਰਿਹਾ ਹੈ। ਬਾਅਦ ਵਿੱਚ, ਬਿਮਾਰੀ ਬਾਰੇ ਕਿਆਸ ਅਰਾਈਆਂ ਨੂੰ ਖਤਮ ਕਰਨ ਲਈ, ਉਸਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਅਤੇ ਦੱਸਿਆ ਕਿ ਉਹ ‘ਨਿਊਰੋਏਂਡੋਕਰੀਨ ਟਿਊਮਰ’ ਨਾਮ ਦੀ ਬਿਮਾਰੀ ਤੋਂ ਪੀੜਤ ਹੈ।



ਇਨ੍ਹਾਂ ਫਿਲਮਾਂ ਵਿੱਚ ਕੀਤਾ ਕਮਾਲ ਦਾ ਕੰਮ
ਜੇ ਤੁਸੀਂ ਉਸ ਦੀਆਂ ਕੁਝ ਯਾਦਗਾਰੀ ਫਿਲਮਾਂ ਨੂੰ ਵੇਖੋ, ਤਾਂ ਉਨ੍ਹਾਂ ਵਿੱਚ ਪਾਨ ਸਿੰਘ ਤੋਮਰ, ਦਿ ਲੰਚ ਬਾਕਸ, ਹਿੰਦੀ ਮੀਡੀਅਮ, ਪਿਕੂ, ਹਸਤ, ਹੈਦਰ, ਲਾਈਫ ਆਫ਼ ਪਾਈ, ਕਾਰਵਾਨ, ਮਕਬੂਲ, ਸਲੱਮਡੌਗ ਮਿਲੇਨੀਅਰ ਅਤੇ ਮਦਾਰੀ ਸ਼ਾਮਲ ਹਨ। ਇਨ੍ਹਾਂ ਫਿਲਮਾਂ ਵਿਚ ਇਰਫਾਨ ਦੇ ਪ੍ਰਦਰਸ਼ਨ ਨੂੰ ਸਾਰਿਆਂ ਨੇ ਪਸੰਦ ਕੀਤਾ।