ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ‘ਮਨੀਕਰਨਿਕਾ’ ਬਾਕਸ ਆਫ਼ਿਸ ’ਤੇ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਪਰ ਹੁਣ ਫਿਲਮ ਦੀ ਕਮਾਈ ’ਤੇ ਮਾੜਾ ਅਸਰ ਪੈ ਸਕਦਾ ਹੈ ਕਿਉਂਕਿ ਇਹ ਫਿਲਮ ਇੰਟਰਨੈਟ ’ਤੇ ਲੀਕ ਹੋ ਗਈ ਹੈ। ਇਸ ਨੂੰ ਤਮਿਲਰੌਕਰਸ ਨਾਂ ਦੀ ਵੈਬਸਾਈਟ ’ਤੇ ਲੀਕ ਕੀਤਾ ਗਿਆ ਹੈ। ਫਿਲਹਾਲ ਟੀਮ ਫਿਲਮ ਦੀ ਦੋ ਦਿਨਾਂ ਦੀ ਕਮਾਈ ਤੋਂ ਕਾਫੀ ਖ਼ੁਸ਼ ਨਜ਼ਰ ਆ ਰਹੀ ਹੈ।
ਮਹਾਰਾਣੀ ਲਕਸ਼ਮੀ ਬਾਈ ਦੇ ਕਿਰਦਾਰ ਵਿੱਚ ਕੰਗਨਾ ਦੀ ਲੁਕ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ ਪਰ ਪਾਇਰੇਸੀ ਦੀ ਮਾਰ ਕਰਕੇ ਹੁਣ ਕੰਗਨਾ ਵੀ ਆਪਣੇ ਪ੍ਰਸ਼ੰਸਕਾਂ ਨੂੰ ਸਿਨੇਮਾ ਤਕ ਖਿੱਚਣ ਵਿੱਚ ਨਾਕਾਮਯਾਬ ਸਾਬਤ ਹੋ ਸਕਦੀ ਹੈ। ਪਿਛਲੇ ਕੁਝ ਸਮੇਂ ਤੋਂ ਪਾਇਰੇਸੀ ਵੱਡਾ ਮੁੱਦਾ ਬਣ ਕੇ ਸਾਹਮਣੇ ਆ ਰਹੀ ਹੈ। ਵੱਡੇ ਬਜਟ ਤੋਂ ਲੈ ਕੇ ਛੋਟੇ ਬਜਟ ਦੀਆਂ ਫਿਲਮਾਂ ਨੂੰ ਵੀ ਇਸ ਕਰਕੇ ਨੁਕਸਾਨ ਝੱਲਣਾ ਪੈ ਰਿਹਾ ਹੈ।
ਭਾਰਤ ਦੇ ਨਾਲ-ਨਾਲ ਇਹ ਫਿਲਮ 50 ਹੋਰ ਦੇਸ਼ਾਂ ਵਿੱਚ ਵੀ ਰਿਲੀਜ਼ ਕੀਤੀ ਗਈ ਹੈ। ਇਕੱਲੇ ਭਾਰਤ ਵਿੱਚ ਹੀ ਇਸ ਨੂੰ 3 ਹਜ਼ਾਰ ਪਰਦੇ ਮਿਲੇ ਹਨ ਜਦਕਿ ਓਵਰਸੀਜ਼ ਇਸ ਨੂੰ 700 ਸਕ੍ਰੀਨਜ਼ ਹਾਸਲ ਹੋਈਆਂ ਹਨ। ਇਸ ਦੇ ਇਲਾਵਾ ਇਹ ਫਿਲਮ ਤਮਿਲ ਤੇ ਤੇਲਗੂ ਭਾਸ਼ਾ ਵਿੱਚ ਵੀ ਰਿਲੀਜ਼ ਕੀਤੀ ਗਈ ਹੈ।
ਫਿਲਮ ਦੀ ਕਮਾਈ ਦੀ ਗੱਲ ਕੀਤੀ ਜਾਏ ਤਾਂ ਪਹਿਲੇ ਦਿਨ ਫਿਲਮ ਨੇ 8.75 ਕਰੋੜ ਦਾ ਕਾਰੋਬਾਰ ਕੀਤਾ। ਦੂਜੇ ਦਿਨ ਫਿਲਮ ਨੂੰ 18.10 ਕਰੋੜ ਰੁਪਏ ਦੀ ਕਮਾਈ ਹੋਈ। ਇਸ ਦੇ ਨਾਲ ਹੀ ਫਿਲਮ ਨੇ ਦੋ ਦਿਨਾਂ ਅੰਦਰ 26.85 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।