ਪੈਰਿਸ: ਫਰਾਂਸ ਦੇ ਲਿਓਨ ਵਿੱਚ ਇੱਕ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਕਰਕੇ ਪ੍ਰਸ਼ਾਸਨ ਨੂੰ ਟੇਕ-ਆਫ ਦੇ ਕੁਝ ਦੇਰ ਬਾਅਦ ਹੀ ਹੰਗਾਮੀ ਲੈਂਡਿੰਗ ਕਰਾਉਣੀ ਪਈ। ਹਾਲਾਂਕਿ ਜਾਂਚ ਦੇ ਬਾਅਦ ਉਡਾਣ ਵਿੱਚ ਬੰਬ ਦੀ ਗੱਲ ਝੂਠੀ ਸਾਬਤ ਹੋਈ।

ਪੁਲਿਸ ਨੇ ਧਮਕੀ ਦੇਣ ਵਾਲੇ 23 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਪਿਛਲੇ ਹਫ਼ਤੇ ਦੀ ਹੈ, ਪਰ ਏਅਰਲਾਈਨਸ ਨੇ ਹੁਣ ਇਸ ਦਾ ਖ਼ੁਲਾਸਾ ਕੀਤਾ ਹੈ। ਪੁਲਿਸ ਨੇ ਧਮਕੀ ਦੇਣ ਵਾਲੇ ਮੁਲਜ਼ਮ ਲੜਕੇ ਦੀ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਡਾਣ ਵਿੱਚ ਉਸ ਲੜਕੇ ਦੇ ਮਾਪੇ ਸਵਾਰ ਸਨ।

ਦਰਅਸਲ ਲੜਕਾ ਨਹੀਂ ਚਾਹੁੰਦਾ ਸੀ ਕਿ ਉਸ ਦੇ ਮਾਤਾ-ਪਿਤਾ ਉਸ ਨੂੰ ਮਿਲਣ ਨਾ ਆਉਣ। ਇਸੇ ਲਈ ਉਸ ਨੇ 159 ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਦਿੱਤੀ। ਇਸ ਮਾਮਲੇ ਵਿੱਚ ਲੜਕੇ ਨੂੰ ਪੰਜ ਸਾਲ ਦੀ ਜੇਲ੍ਹ ਤੇ 75 ਹਜ਼ਾਰ ਯੂਰੋ (60 ਲੱਖ ਰੁਪਏ) ਦਾ ਜ਼ੁਰਮਾਨਾ ਭਰਨਾ ਪੈ ਸਕਦਾ ਹੈ।