ਮੁੰਬਈ: ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਕਾਮੇਡੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਤੋਂ ਖੂਬ ਸੁਰਖੀਆਂ ਲੈ ਰਹੇ ਹਨ। ਆਏ ਦਿਨ ਉਹ ਆਪਣੇ ਦਰਸ਼ਕਾਂ ਲਈ ਸ਼ੋਅ ਦਾ ਪ੍ਰੋਮੋ ਵੀਡੀਓ ਵੀ ਸ਼ੇਅਰ ਕਰਦੇ ਰਹਿੰਦੇ ਹਨ। ਕਪਿਲ ਸ਼ਰਮਾ ਸ਼ੋਅ ਦਾ ਇੱਕ ਵੀਡੀਓ ਫੇਰ ਤੋਂ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਿਹਾ ਹੈ। ਇਸ ਵੀਡੀਓ ‘ਚ ਕੋਰੀਓਗ੍ਰਾਫਰ ਗਣੇਸ਼ ਆਚਾਰਿਆ ਤੇ ਰੈਮੋ ਡਿਸੂਜ਼ਾ ਕਪਿਲ ਦੇ ਖ਼ਾਸ ਮਹਿਮਾਨ ਹਨ।

ਇਸ ਦੌਰਾਨ ਦੋਵਾਂ ਨੇ ਕਪਿਲ ਸ਼ਰਮਾ ਨਾਲ ਮਿਲ ਕੇ ਖੂਬ ਮਸਤੀ ਕੀਤੀ। ਸੋਨੀ ਟੀਵੀ ਦੇ ਆਫੀਸ਼ੀਅਲ ਇੰਸਟਾਗ੍ਰਾਮ ‘ਤੇ ਸ਼ੋਅ ਦਾ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਗਿਆ ਹੈ। ਦਰਸ਼ਕਾਂ ਲਈ ਸ਼ੋਅ ਦਾ ਮਜ਼ਾ ਉਦੋਂ ਦੁੱਗਣਾ ਹੋ ਜਾਵੇਗਾ ਜਦੋਂ ਉਹ ਗਣੇਸ਼ ਤੇ ਰੈਮੋ ਨੁੰ ਪ੍ਰਿਅੰਕਾ ਤੇ ਦੀਪਿਕਾ ਦੇ ਗਾਣੇ ‘ਪਿੰਗਾ ਗਾ ਪੋਰੀ’ ‘ਤੇ ਸਾੜੀ ਪਾ ਕੇ ਡਾਂਸ ਕਰਦੇ ਨਜ਼ਰ ਆਉਣਗੇ ਤੇ ਆਪਣੇ ਸਟੈਪਸ ਨਾਲ ਲੋਕਾਂ ਨੂੰ ਹੈਰਾਨ ਕਰ ਦੇਣਗੇ।


ਦੱਸਿਆ ਜਾਂਦਾ ਹੈ ਕਿ ਕਪਿਲ ਦੇ ਸ਼ੋਅ ‘ਚ ਗਣੇਸ਼ ਤੇ ਰੈਮੋ ਦਾ ਡਾਂਸ ਦੇਖ ਸਭ ਹੈਰਾਨ ਹੋ ਗਏ। ਇਸ ਸ਼ੋਅ ‘ਤੇ ਦੋਵੇਂ ਕਲਾਕਾਰਾਂ ਨੇ ਖੂਬ ਮਸਤੀ ਕੀਤੀ ਤੇ ਕਪਿਲ ਦਾ ਜਨਮ ਦਿਨ ਵੀ ਮਨਾਇਆ। ਫਿਲਹਾਲ ਸ਼ੋਅ ਦਾ ਪ੍ਰੋਮੋ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।