ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸ੍ਰੀਨਗਰ-ਜੰਮੂ ਹਾਈਵੇ 'ਤੇ ਇੱਕ ਸੈਂਟਰੋ ਕਾਰ ਵਿੱਚ ਧਮਾਕੇ ਨਾਲ ਹਫੜਾ-ਦਫੜੀ ਮੱਚ ਗਈ। ਬਨਿਹਾਲ ਨੇੜੇ ਜਦੋਂ ਸੀਆਰਪੀਐਫ ਦਾ ਕਾਫਲਾ ਗੁਜ਼ਰ ਰਿਹਾ ਸੀ ਤਾਂ ਉਸੇ ਵੇਲੇ ਇੱਕ ਕਾਰ ਵਿੱਚ ਧਮਾਕਾ ਹੋ ਗਿਆ। ਕਾਫਲੇ ਵਿੱਚ ਸ਼ਾਮਲ ਇੱਕ ਬੱਸ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ ਤੇ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਸ਼ੁਰੂਆਤੀ ਜਾਂਚ ਮੁਤਾਬਕ ਗੈਸ ਸਿਲੰਡਰ ਦੀ ਵਜ੍ਹਾ ਕਰਕੇ ਕਾਰ ਵਿੱਚ ਧਮਾਕਾ ਹੋਇਆ।

ਸੂਤਰਾਂ ਮੁਤਾਬਕ ਸੈਂਟਰੋ ਕਾਰ ਨੇ ਸੀਆਰਪੀਐਫ ਦੀ ਗੱਡੀ ਨੂੰ ਟੱਕਰ ਮਾਰੀ ਸੀ ਤੇ ਧਮਾਕਾ ਹੋਇਆ। ਕਾਰ ਸੀਆਰਪੀਐਫ ਦੇ ਕਾਫਲੇ ਦੇ ਨਾਲ-ਨਾਲ ਚੱਲ ਰਹੀ ਸੀ। ਧਿਆਨ ਰਹੇ ਸੁਰੱਖਿਆ ਬਲਾਂ ਦੇ ਕਾਫਲੇ ਨਾਲ ਕਿਸੇ ਨਾਗਰਿਕ ਨੂੰ ਵਾਹਨ ਲੈ ਜਾਣ ਦੀ ਇਜਾਜ਼ਤ ਨਹੀਂ ਹੈ। ਪੁਲਵਾਮਾ ਹਮਲੇ ਦੇ ਬਾਅਦ ਜਾਰੀ ਹੁਕਮਾਂ ਮੁਤਾਬਕ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਦੌਰਾਨ ਹਾਈਵੇ 'ਤੇ ਆਮ ਵਾਹਨਾਂ ਦੇ ਚੱਲਣ 'ਤੇ ਪਾਬੰਦੀ ਲਾਈ ਗਈ ਸੀ।



ਜੰਮੂ ਪੁਲਿਸ ਦੇ ਸੂਤਰਾਂ ਮੁਤਾਬਕ ਸੈਂਟਰੋ ਕਾਰ ਵਿੱਚ ਰੱਖਿਆ ਸਲੰਡਰ ਫੱਟ ਗਿਆ। ਇਸ ਮਗਰੋਂ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਗੱਡੀ ਦੇ ਡਰਾਈਵਰ ਦੀ ਤਲਾਸ਼ ਕਰ ਰਹੀ ਹੈ। ਘਟਨਾ ਕਾਰਨ ਪੁਲਵਾਮਾ ਹਮਲੇ ਦੀਆਂ ਦਰਦਨਾਕ ਯਾਦਾਂ ਵੀ ਤਾਜ਼ਾ ਹੋ ਗਈਆਂ। ਬੀਤੀ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫ਼ਲੇ 'ਤੇ ਇਸੇ ਤਰ੍ਹਾਂ ਕਾਰ ਦੀ ਮਦਦ ਨਾਲ ਫਿਦਾਈਨ ਧਮਾਕਾ ਕੀਤਾ ਗਿਆ ਸੀ, ਜਿਸ ਵਿੱਚ 40 ਜਵਾਨ ਸ਼ਹੀਦ ਹੋਏ ਸਨ।