ਮੁੰਬਈ: ਬਾਲੀਵੁੱਡ ਸਟਾਰ ਰਣਬੀਰ ਕਪੂਰ ਤੇ ਆਲਿਆ ਭੱਟ ਦੇ ਪਿਆਰ ਦੇ ਚਰਚੇ ਅੱਜਕਲ੍ਹ ਕਾਫੀ ਆਮ ਹੋ ਗਏ ਹਨ। ਦੋਵੇਂ ਅਕਸਰ ਹੀ ਬੀ-ਟਾਉਨ ਦੇ ਇਵੈਂਟਸ ‘ਚ ਇਕੱਠੇ ਨਜ਼ਰ ਆਉਂਦੇ ਹਨ। ਦੋਵਾਂ ਨੇ ਕਈ ਵਾਰ ਆਪਣੇ ਰਿਸ਼ਤੇ ਨੂੰ ਕਬੂਲ ਵੀ ਕੀਤਾ ਹੈ। ਇਸ ਦੇ ਨਾਲ ਹੀ ਦੋਵੇਂ ਆਪਣੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹਿੰਦੇ ਹਨ।
ਹਾਲ ਹੀ ‘ਚ ਰਣਬੀਰ-ਆਲਿਆ ਦੇ ਰਿਸ਼ਤੇ ‘ਤੇ ਆਲਿਆ ਦੇ ਪਾਪਾ ਮਹੇਸ਼ ਭੱਟ ਨੇ ਆਪਣੇ ਵਿਚਾਰ ਸਾਹਮਣੇ ਰੱਖੇ ਹਨ। ਹਾਲ ਹੀ ਇੱਕ ਇੰਟਰਵਿਊ ‘ਚ ਮਹੇਸ਼ ਨੇ ਕਿਹਾ, "ਹਾਂ ਉਹ ਦੋਵੇਂ ਇੱਕ-ਦੂਜੇ ਨੂੰ ਪਿਆਰ ਕਰਦੇ ਹਨ। ਪਿਆਰ ਕਰਨ ਲਈ ਕਿਸੇ ਪ੍ਰਤਿਭਾ ਦੀ ਲੋੜ ਨਹੀਂ। ਰਣਬੀਰ ਨੂੰ ਮੈਂ ਬਹੁਤ ਪਸੰਦ ਕਰਦਾ ਹਾਂ ਤੇ ਉਹ ਇੱਕ ਚੰਗਾ ਮੁੰਡਾ ਹੈ। ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਲੋਕ ਜੋ ਵੀ ਅੰਦਾਜ਼ੇ ਲਾ ਰਹੇ ਹਨ, ਉਨ੍ਹਾਂ ਨੂੰ ਲਾਉਣ ਦਿਓ।"
ਇਸੇ ਦੌਰਾਨ ਮਹੇਸ਼ ਨੂੰ ਪੁੱਛਿਆ ਗਿਆ ਕਿ ਦੋਵੇਂ ਵਿਆਹ ਕਦੋਂ ਕਰ ਰਹੇ ਹਨ। ਇਸ ‘ਤੇ ਮਹੇਸ਼ ਨੇ ਕਿਹਾ, "ਵਿਆਹ ਕਦੋਂ ਕਰਨਾ ਹੈ, ਇਹ ਫੈਸਲਾ ਉਨ੍ਹਾਂ ਦਾ ਹੈ, ਉਂਝ ਵੀ ਅਸੀਂ ਸਭ 21ਵੀਂ ਸਦੀ ‘ਚ ਰਹਿੰਦੇ ਹਾਂ। ਇੱਥੇ ਅਸੀਂ ਆਪਣੇ ਤਰੀਕੇ ਨਾਲ ਜਿੰਦਗੀ ਜੀਅ ਸਕਦੇ ਹਾਂ ਤੇ ਆਪਣੇ ਫੈਸਲੇ ਖੁਦ ਲੈ ਸਕਦੇ ਹਾਂ। ਹੁਣ ਆਲਿਆ ਤੇ ਰਣਬੀਰ ਵਿਆਹ ਕਦੋਂ ਕਰਨਗੇ, ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੈ, ਜਿਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ।"
ਮਹੇਸ਼ ਦੇ ਇਸ ਬਿਆਨ ਤੋਂ ਸਾਫ ਹੋ ਗਿਆ ਹੈ ਕਿ ਰਣਬੀਰ ਤੇ ਆਲਿਆ ਦੇ ਰਿਸ਼ਤੇ ਤੋਂ ਮਹੇਸ਼ ਨੂੰ ਕੋਈ ਪ੍ਰੇਸ਼ਾਨੀ ਨਹੀਂ। ਇਹ ਵੀ ਹੋ ਸਕਦਾ ਹੈ ਕਿ ਦੋਨੋਂ ਜਲਦੀ ਹੀ ਵਿਆਹ ਵੀ ਕਰ ਲੈਣ।