ਔਰੰਗਾਬਾਦ: ਕੇਂਦਰ ਸਰਕਾਰ ਦੇ ਧਰਤੀ ਵਿਗਿਆਨ ਮੰਤਰਾਲਾ ਨੇ ਅਜਿਹੀ ਮੋਬਾਈਲ ਐਪ ਤਿਆਰ ਕੀਤੀ ਹੈ ਜੋ ਬਿਜਲੀ ਡਿੱਗਣ ਤੋਂ 30-40 ਮਿੰਟ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦੇਵੇਗੀ। ਇਸ ਦਾ ਨਾਮ 'ਦਾਮਨੀ' ਰੱਖਿਆ ਗਿਆ ਹੈ। ਇਹ ਐਪ ਬਿਜਲੀ ਡਿੱਗਣ ਡਿੱਗਣ ਬਾਰੇ ਸਮੇਂ ਤੋਂ ਪਹਿਲਾਂ ਚੇਤਾਵਨੀ ਦੇਣ ਦੇ ਨਾਲ-ਨਾਲ ਇਸ ਦੇ ਬਚਾਅ ਬਾਰੇ ਵੀ ਜਾਣਕਾਰੀ ਦਿੰਦੀ ਹੈ। ਗੂਗਲ ਪਲੇਅ ਸਟੋਰ ਤੋਂ ਇਸ ਨੂੰ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ਦੇ ਜ਼ਿਆਦਾਤਰ ਲੋਕ ਖੇਤੀ ਲਈ ਘਰੋਂ ਬਾਹਰ ਨਿਕਲਦੇ ਹਨ। ਇਸ ਲਈ ਮਾਨਸੂਨੀ ਮੌਸਮ ਤੇ ਬਾਰਸ਼ ਦੇ ਦਿਨਾਂ ਵਿੱਚ ਇਹ ਐਪ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਲਈ ਫਾਇਦੇਮੰਦ ਸਾਬਤ ਹੋਏਗੀ।

ਇੰਡੀਅਨ ਇੰਸਟੀਚਿਊਟ ਆਫ ਟ੍ਰੌਪੀਕਲ ਮੈਟਰੋਲਾਜੀ (ਆਈਆਈਟੀਐਮ) ਵੱਲੋਂ ਤਿਆਰ ਕੀਤੀ ਇਸ ਐਪ ’ਤੇ ਪਿਛਲੇ 6 ਮਹੀਨਿਆਂ ਤੋਂ ਕੰਮ ਚੱਲ ਰਿਹਾ ਸੀ। ਟੀਮ ਦੇ ਸੀਨੀਅਰ ਵਿਗਿਆਨੀ ਡਾ. ਸੁਨੀਲ ਪਵਾਰ ਨੇ ਦੱਸਿਆ ਕਿ ਬਿਜਲੀ ਡਿੱਗਣ ਦੀ ਜਾਣਕਾਰੀ ਦੇਣ ਦੇ ਇਲਾਵਾ ਐਪ ਇਹ ਵੀ ਦੱਸਦੀ ਹੈ ਕਿ ਬਿਜਲੀ ਤੋਂ ਸੁਰੱਖਿਆ ਕਿਵੇਂ ਕਰਨੀ ਹੈ। ਇਸ ਦਾ ਮੁੱਢਲਾ ਇਲਾਜ ਕਿਵੇਂ ਕਰਨਾ ਹੈ। ਘਰ ਵਿੱਚ ਕੰਮ ਕਰਦਿਆਂ, ਸਫ਼ਰ ਦੌਰਾਨ, ਖੇਤ ਵਿੱਚ ਕੰਮ ਕਰਦੇ ਹੋਏ ਤੇ ਹੋਰ ਹਾਲਾਤ ਵਿੱਚ ਬਿਜਲੀ ਤੋਂ ਸੁਰੱਖਿਆ ਕਰਨ ਦੇ ਉਪਾਅ ਨੂੰ ਤਸਵੀਰਾਂ ਸਮੇਤ ਸਮਝਾਇਆ ਗਿਆ ਹੈ।

ਐਪ ਖੋਲ੍ਹਣ ’ਤੇ ਯੂਜ਼ਰ ਦੀ ਲੋਕੇਸ਼ਨ ਦਾ ਨਕਸ਼ਾ ਦਿਖਾਉਣ ਵਾਲਾ ਚੱਕਰ ਦਿਖਾਈ ਦਏਗਾ। ਇਹ ਚੱਕਰ 20 ਕਿਲੋਮੀਟਰ ਦੇ ਵਿਆਸ ਵਿੱਚ ਆਉਂਦੇ ਖੇਤਰ ’ਚ ਅਗਲੇ 40 ਮਿੰਟਾਂ ਦੌਰਾਨ ਬਿਜਲੀ ਡਿੱਗਣ ਬਾਰੇ ਚੇਤਾਵਨੀ ਦਵੇਗਾ। ਬਿਜਲੀ ਡਿੱਗਣ ਵਾਲੀ ਹੈ ਜਾਂ ਨਹੀਂ, ਇਸ ਦਾ ਮੈਸੇਜ ਚੱਕਰ ਦੇ ਹੇਠਾਂ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਵਿੱਚ ਦਿਖਾਈ ਦਏਗਾ। ਹਾਲੇ ਸਿਰਫ ਦੋ ਭਾਸ਼ਾਵਾਂ ਵਿੱਚ ਹੀ ਅਲਰਟ ਨਜ਼ਰ ਆਉਂਦੇ ਹਨ, ਪਰ ਇਸ ਨੂੰ ਸਾਰੀਆਂ ਸਥਾਨਕ ਭਾਸ਼ਾਵਾਂ ਵਿੱਚ ਕਰਨ ’ਤੇ ਕੰਮ ਚੱਲ ਰਿਹਾ ਹੈ।