ਮੁੰਬਈ: ਗਾਇਕ ਮੀਕਾ ਸਿੰਘ ਇੱਕ ਵਾਰ ਫੇਰ ਤੋਂ ਵਿਵਾਦਾਂ ‘ਚ ਆ ਗਏ ਹਨ। ਹਾਲ ਹੀ ‘ਚ ਸਿੰਗਰ ਪਾਕਿਸਤਾਨ ਦੇ ਕਰਾਚੀ ‘ਚ ਇੱਕ ਸ਼ੋਅ ਕਰਨ ਪਹੁੰਚੇ, ਜਿਸ ਤੋਂ ਬਾਅਦ ਉਹ ਟਰੋਲਰਸ ਦੇ ਨਿਸ਼ਾਨੇ ‘ਤੇ ਆ ਗਏ। ਹਾਲ ਹੀ ‘ਚ ਭਾਰਤ ਵੱਲੋਂ ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਬੌਖਲਾਹਟ ‘ਚ ਪਾਕਿਸਤਾਨ ਨੇ ਕਈ ਕਦਮ ਚੁੱਕੇ ਹਨ ਜਿਨ੍ਹਾਂ ‘ਚ ਇੱਕ ਹੈ ਭਾਰਤੀ ਫ਼ਿਲਮਾਂ ਨੂੰ ਬੈਨ ਕਰ ਦੇਣਾ। ਪਰ ਅਜਿਹੇ 'ਚ ਮੀਕਾ ਕਰਾਚੀ ‘ਚ ਪਰਵੇਜ਼ ਮੁਸ਼ੱਰਫ ਦੇ ਰਿਸ਼ਤੇਦਾਰ ਦੇ ਵਿਆਹ ‘ਚ ਪਰਫ਼ਾਰਮ ਕਰਦੇ ਨਜ਼ਰ ਆਏ।


ਸ਼ੋਅ ਦੌਰਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਮੀਕਾ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਮੀਕਾ ਮਸਤੀ ਕਰਦੇ ਅਤੇ ਗਾਣਾ ਗਾਉਂਦੇ ਨਜ਼ਰ ਆ ਰਹੇ ਹਨ।


ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਪਾਕਿਸਤਾਨ ਪੱਤਰਕਾਰ ਨਾਇਲਾ ਇਨਾਇਤ ਨੇ ਆਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਪਾਕਿ ਦੇ ਨਾਲ ਭਾਰਤ ‘ਚ ਵੀ ਮੀਕਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਦਾ ਕਹਿਣਾ ਹੈ ਕਿ ਉਸ ਦਾ ਪਾਸਪੋਰਟ ਰੱਦ ਕਰ ਦੇਣਾ ਚਾਹਿਦਾ ਹੈ ਅਤੇ ਇਸ ਨੂੰ ਪਾਕਿਸਤਾਨ ‘ਚ ਹੀ ਰਹਿਣ ਦੇਣਾ ਚਾਹਿਦਾ ਹੈ”।