ਲੁਧਿਆਣਾ: ਨਸ਼ਿਆਂ ਤੇ ਹਥਿਆਰਾਂ ਨੂੰ ਹੁਲਾਰਾ ਦੇਣ ਵਾਲੇ ਗਾਇਕਾਂ ਦੀ ਸ਼ਾਮਤ ਆ ਗਈ ਹੈ। ਸਿੱਧੂ ਮੂਸੇਵਾਲ ਤੋਂ ਬਾਅਦ ਹੁਣ ਗਾਇਕ ਸਿੱਪੀ ਗਿੱਲ ਵੀ ਕਾਨੂੰਨੀ ਉਲਝਣਾਂ ਵਿੱਚ ਘਿਰ ਗਏ ਹਨ। ਸਿੱਪੀ ਗਿੱਲ ਖ਼ਿਲਾਫ਼ ਇੱਥੇ ਥਾਣਾ ਮਹਿਣਾ ’ਚ ਕੇਸ ਦਰਜ ਕੀਤਾ ਗਿਆ ਹੈ। ਸਿੱਪੀ ਗਿੱਲ ’ਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਗਾਉਣ ਦਾ ਦੋਸ਼ ਹੈ।


ਪੁਲਿਸ ਮੁਤਾਬਕ ਇਹ ਮਾਮਲਾ ਪ੍ਰੋ. ਪੰਡਿਤ ਰਾਓ ਧਰੇਨਵਰ ਵਾਸੀ ਸੈਕਟਰ 41-ਬੀ ਚੰਡੀਗੜ੍ਹ ਦੀ ਸ਼ਿਕਾਇਤ ’ਤੇ ਮੂਲ ਵਾਸੀ ਪਿੰਡ ਰੌਲੀ (ਮੋਗਾ) ਪੰਜਾਬੀ ਗਾਇਕ ਸਿੱਪੀ ਗਿੱਲ ਤੇ ਉਸ ਦੀ ਟੀਮ ਦੇ ਮੈਂਬਰਾਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ’ਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਹਥਿਆਰਾਂ ਦਿਖਾਵੇ ਆਦਿ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਗਾਉਣ ਦੇ ਦੋਸ਼ ਹਨ।

ਐਫ਼ਆਈਆਰ ਮੁਤਾਬਕ ਗਾਇਕ ਸਿੱਪੀ ਗਿੱਲ ਨੇ ਆਪਣੀ ਟੀਮ ਸਮੇਤ ‘ਗੁੰਡਾਗਰਦੀ’ ਨਾਮੀ ਗਾਣੇ ਦੌਰਾਨ ਆਪਣੇ ਹੱਥ ਵਿੱਚ ਹਥਿਆਰ ਫੜ ਕੇ ਇੱਕ ਵੀਡੀਓ ਫ਼ਿਲਮਾਈ ਹੈ ਜੋ ਸੋਸ਼ਲ ਮੀਡੀਆ ਉੱਤੇ ਚੱਲ ਰਹੀ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਐਲਾਨ ਕੀਤਾ ਸੀ ਕਿ ਹਥਿਆਰਾਂ ਤੇ ਨਸ਼ਿਆਂ ਨੂੰ ਹੁਲਾਰਾ ਦੇਣ ਵਾਲੇ ਗੀਤ ਬਰਦਾਸ਼ਤ ਨਹੀਂ ਕੀਤੇ ਜਾਣਗੇ।