ਮੁੰਬਈ: ਫਿਲਮ ਮੇਕਰ ਬੋਨੀ ਕਪੂਰ ਨੇ ਪਹਿਲੀ ਵਾਰ ਸਲਮਾਨ ਖਾਨ ਦੇ ਨਾਲ ਚੱਲ ਰਹੇ ਤਣਾਅਪੂਰਨ ਰਿਸ਼ਤੇ ਨੂੰ ਲੈ ਕੇ ਗੱਲ ਕੀਤੀ ਹੈ। ਪੱਤਰਕਾਰਾਂ ਨੇ ਜਦੋਂ ਬੋਨੀ ਕਪੂਰ ਨੂੰ ਪੁੱਛਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਅਰਜੁਨ ਨੂੰ ਅਭਿਨੇਤਾ ਦੇ ਤੌਰ ਤੇ ਲਾਂਚ ਕਿਉਂ ਨਹੀਂ ਕੀਤਾ, ਤਾਂ ਬੋਨੀ ਕਪੂਰ ਨੇ ਕਿਹਾ ਕਿ ਅਰਜੁਨ ਸ਼ੁਰੂ ਤੋਂ ਹੀ ਫ਼ਿਲਮ ਨਿਰਦੇਸ਼ਕ ਬਣਨਾ ਚਾਹੁੰਦਾ ਸੀ । ਇਹੋ ਵਜ੍ਹਾ ਸੀ ਕਿ ਇੱਕ ਹੀਰੋ ਦੇ ਤੌਰ ਤੇ ਉਸ ਨੂੰ ਲਾਂਚ ਕਰਨ ਦੀ ਕੋਈ ਯੋਜਨਾ ਨਹੀਂ ਸੀ। ਪਰ ਉਨ੍ਹਾਂ ਨੂੰ ਇੱਕ ਦਿਨ ਅਚਾਨਕ ਸਲਮਾਨ ਖਾਨ ਦਾ ਫ਼ੋਨ ਆ ਗਿਆ ਜਿਨ੍ਹਾਂ ਨੇ ਦੱਸਿਆ ਕਿ ਅਰਜੁਨ ਨੂੰ ਅਦਾਕਾਰੀ ਦੇ ਖੇਤਰ ਵਿੱਚ ਹੱਥ ਅਜ਼ਮਾਉਣਾ ਚਾਹੀਦਾ ਹੈ ਕਿਉਂਕਿ ਉਹਦੇ ਵਿੱਚ ਇਹ ਸਾਰੇ ਗੁਣ ਨੇ। ਇਸ ਤੋਂ ਬਾਅਦ ਸਲਮਾਨ ਨੇ ਅਰਜੁਨ ਨੂੰ ਆਪਣੇ ਨਾਲ ਲੈ ਲਿਆ ਅਤੇ ਉਸ ਨੂੰ ਤਿਆਰ ਕੀਤਾ ।

ਬੋਨੀ ਕਪੂਰ ਨੇ ਕਿਹਾ ਕਿ ਬੇਸ਼ੱਕ ਸਲਮਾਨ ਖਾਨ ਦੇ ਨਾਲ ਹੁਣ ਮੇਰਾ ਰਿਸ਼ਤਾ ਫਿਲਹਾਲ ਤਣਾਅਪੂਰਨ ਚੱਲ ਰਿਹਾ ਹੈ ਪਰ ਸ਼ੁਰੂਆਤੀ ਦਿਨਾਂ ਵਿੱਚ ਸਲਮਾਨ ਨੇ ਅਰਜਨ ਨੂੰ ਅਦਾਕਾਰੀ ਦੇ ਖੇਤਰ ਵਿੱਚ ਆਉਣ ਲਈ ਖੂਬ ਪ੍ਰੇਰਿਤ ਕੀਤਾ ਸੀ, ਜਿਸ ਕਰਕੇ ਮੈਂ ਸਲਮਾਨ ਦਾ ਕਰਜ਼ਦਾਰ ਰਹਾਂਗਾ ।
ਦੱਸ ਦੇਈਏ ਕਿ ਅਰਜਨ ਕਪੂਰ ਇਨ੍ਹਾਂ ਦਿਨਾਂ ਚ ਅਭਿਨੇਤਰੀ ਮਲਾਇਕਾ ਅਰੋੜਾ ਨਾਲ ਡੇਟ ਕਰ ਰਹੇ ਹਨ ਜੋ ਕਿ ਪਹਿਲਾਂ ਸਲਮਾਨ ਖਾਨ ਦੇ ਭਰਾ ਅਰਜੁਨ ਕਪੂਰ ਦੀ ਘਰਵਾਲੀ ਸੀ ।

ਜਦੋਂ ਪੱਤਰਕਾਰਾਂ ਨੇ ਬੋਨੀ ਕਪੂਰ ਨੂੰ ਪੁੱਛਿਆ ਕਿ ਓਹਨਾਂ ਦੇ ਚਾਰਾਂ ਬੱਚਿਆਂ ਚੋਂ ਉਹਨਾਂ ਦਾ ਸਭ ਤੋਂ ਚਹੇਤਾ ਕੌਣ ਹੈ, ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਇਕ ਪਿਤਾ ਹੋਣ ਦੇ ਨਾਤੇ ਮੇਰੇ ਸਾਰੇ ਬੱਚੇ ਪਿਆਰੇ ਹਨ ਪਰ 'ਖੁਸ਼ੀ' ਮੇਰੀ ਅੱਖਾਂ ਦਾ ਤਾਰਾ ਹੈ ਕਿਉਂਕਿ ਉਹ ਘਰ ਚ ਸਭ ਤੋਂ ਛੋਟੀ ਹੈ।