Babbu Maan's show: ਪੰਜਾਬੀ ਗਾਇਕ ਬੀ ਪਰਾਕ ਤੋਂ ਬਾਅਦ ਬੱਬੂ ਮਾਨ ਦੇ ਸ਼ੋਅ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਦੇ ਮੁਤਾਬਕ ਜ਼ਿਲ੍ਹਾ ਬਠਿੰਡਾ ਦੇ ਇਕ ਨਿੱਜੀ ਇੰਸਟੀਚਿਊਟ ਵਿੱਚ ਪੰਜਾਬੀ ਗਇਕ ਬੱਬੂ ਮਾਨ ਦੇ ਲਾਈਵ ਸ਼ੋਅ ਦੌਰਾਨ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਦਰਅਸਲ, ਇਸ ਲਾਈਵ ਸ਼ੋਅ ਦੌਰਾਨ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਹੋ ਗਈ, ਜਿਸ ਮਗਰੋਂ 35-40 ਨੌਜਵਾਨਾਂ ਨੇ ਦੋ ਨੌਜਵਾਨਾਂ 'ਤੇ ਜਾਨਲੇਵਾ ਹਮਲਾ ਕਰ ਦਿਤਾ। ਇਸ ਦੌਰਾਨ ਕਈ ਜ਼ਖਮੀ ਹੋ ਗਏ ਅਤੇ ਗੰਭੀਰ ਸੱਟਾਂ ਵੀ ਲੱਗੀਆਂ। 


ਪਰਿਵਾਰ ਉੱਪਰ ਕੀਤੀ ਗਲਤ ਟਿੱਪਣੀ


ਰੋਜ਼ਾਨਾ ਸਪੋਕਸਮੈਨ ਦੀ ਖਬਰ ਮੁਤਾਬਕ ਇਸ ਹਾਦਸੇ ਤੋਂ ਬਾਅਦ ਜ਼ਖ਼ਮੀ ਨੌਜਵਾਨਾਂ ਨੂੰ ਗੰਭੀਰ ਹਾਲਤ ਵਿੱਚ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਹਸਪਤਾਲ 'ਚ ਦਾਖਲ ਹਰਪ੍ਰੀਤ ਸਿੰਘ ਨੇ ਦਸਿਆ ਕਿ ਉਹ ਅਪਣੀ ਪਤਨੀ, ਬੱਚਿਆਂ ਅਤੇ ਸਾਲੀ ਨਾਲ ਬਾਬਾ ਫਰੀਦ ਕਾਲਜ 'ਚ ਚੱਲ ਰਹੇ ਗਾਇਕ ਬੱਬੂ ਮਾਨ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਗਿਆ ਸੀ। ਜਦੋਂ ਉਹ ਸ਼ਾਮ ਕਰੀਬ 4.30 ਵਜੇ ਅੰਦਰ ਦਾਖਲ ਹੋਏ ਤਾਂ ਕੁੱਝ ਨੌਜਵਾਨ ਹੰਗਾਮਾ ਕਰ ਰਹੇ ਸਨ। ਦਰਅਸਲ, ਉਨ੍ਹਾਂ ਨੌਜਵਾਨਾਂ ਵੱਲੋਂ ਉਸ ਦੀ ਪਤਨੀ ਅਤੇ ਸਾਲੀ ਉੱਪਰ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ, ਜਿਸ ਦਾ ਉਸ ਨੇ ਇਸਦਾ ਵਿਰੋਧ ਕੀਤਾ। 


ਮਦਦ ਲਈ ਕੋਈ ਨਹੀਂ ਆਇਆ ਸਾਹਮਣੇ


ਇਸ ਦੌਰਾਨ ਮੁਲਜ਼ਮਾਂ ਨੇ ਨੌਜਵਾਨ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਕਿਸੇ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮੁਲਜ਼ਮ ਨੌਜਵਾਨਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਏ। ਇਸ ਦੌਰਾਨ ਹਰਪ੍ਰੀਤ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਕੋਈ ਮਦਦ ਨਹੀਂ ਕੀਤੀ, ਉਹ ਸਾਰੇ ਵੀਡੀਉ ਬਣਾਉਂਦੇ ਰਹੇ।


ਹਾਲਾਂਕਿ ਬਾਅਦ ਵਿੱਚ ਹਰਪ੍ਰੀਤ ਦੇ ਦੋਸਤਾਂ ਨੂੰ ਸੂਚਨਾ ਮਿਲਣ ਤੇ ਉਹ ਉੱਥੇ ਪਹੁੰਚੇ। ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਨੂੰ ਐਂਬੂਲੈਂਸ ਦੀ ਮਦਦ ਨਾਲ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੀੜਤ ਪਰਵਾਰ ਦਾ ਕਹਿਣਾ ਹੈ ਕਿ ਇਹ ਸੱਭ ਇੰਸਟੀਚਿਊਟ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਜਦੋਂ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।