B Praak Reaction On kalkaji mandir stage collapse: ਪੰਜਾਬੀ ਗਾਇਕ ਬੀ ਪਰਾਕ ਦੇ ਪ੍ਰੋਗਰਾਮ ਵਿੱਚ ਵਾਪਰੇ ਹਾਦਸੇ ਤੋਂ ਬਾਅਦ ਹਰ ਕੋਈ ਸਦਮੇ ਵਿੱਚ ਹੈ। ਦਰਅਸਲ, ਪੰਜਾਬੀ ਗਾਇਕ ਦੇ ਪ੍ਰੋਗਰਾਮ ਦੌਰਾਨ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਇਸ ਦੌਰਾਨ ਕਰੀਬ 17 ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਦੱਸ ਦੇਈਏ ਕਿ ਦਿੱਲੀ ਦੇ ਕਾਲਕਾਜੀ ਮੰਦਰ ਦੇ ਮਹੰਤ ਕੰਪਲੈਕਸ ‘ਚ ਆਯੋਜਿਤ ਜਾਗਰਣ ਪ੍ਰੋਗਰਾਮ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇੱਥੇ ਪ੍ਰੋਗਰਾਮ ਦੌਰਾਨ ਸਟੇਜ ਅਚਾਨਕ ਡਿੱਗ ਗਈ। 


ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਦੇ ਸਮੇਂ ਸਟੇਜ ‘ਤੇ ਮਸ਼ਹੂਰ ਗਾਇਕ ਬੀ ਪਰਾਕ (Singer B Praak) ਮੌਜੂਦ ਸਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਭੀੜ ਉਸ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਕਾਰਨ ਮੰਚ ‘ਤੇ ਦਬਾਅ ਵਧ ਗਿਆ ਸੀ।


ਬੀ ਪਰਾਕ ਨੇ ਦਿੱਤੀ ਪ੍ਰਤੀਕਿਰਿਆ


27-28 ਜਨਵਰੀ ਦੀ ਰਾਤ ਨੂੰ ਆਯੋਜਿਤ ਕਰਵਾਏ ਗਏ ਜਾਗਰਣ ਵਿੱਚ ਗਾਇਕ ਬੀ ਪਰਾਕ ਨੇ ਵੀ ਪਰਫਾਰਮ ਕੀਤਾ। ਉਨ੍ਹਾਂ ਘਟਨਾ ਦੇ ਤੁਰੰਤ ਬਾਅਦ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਵੀਡੀਓ ਸ਼ੇਅਰ ਕੀਤੀ। ਉਨ੍ਹਾਂ ਕਿਹਾ ਕਿ ਮੈਂ ਬਹੁਤ ਦੁੱਖੀ ਅਤੇ ਨਿਰਾਸ਼ ਹਾਂ। ਇਹ ਪਹਿਲੀ ਵਾਰ ਹੈ ਜਦੋਂ ਮੈਂ ਮਾਂ ਕਾਲਕਾਜੀ ਮੰਦਰ ਵਿਚ ਪ੍ਰਦਰਸ਼ਨ ਕਰਨ ਵਾਲੀ ਜਗ੍ਹਾ 'ਤੇ ਅਜਿਹਾ ਕੁਝ ਹੁੰਦਾ ਦੇਖਿਆ। ਮੈਨੂੰ ਉਮੀਦ ਹੈ ਕਿ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹਨ, ਉਹ ਜਲਦੀ ਠੀਕ ਹੋ ਜਾਣਗੇ।


ਇੱਕ ਔਰਤ ਨੇ ਗਵਾਈ ਆਪਣੀ ਜਾਨ


ਇਸ ਦੌਰਾਨ ਉੱਥੇ ਮੌਜੂਦ ਪੁਲਿਸ ਅਤੇ ਪ੍ਰਬੰਧਕਾਂ ਨੇ ਐਂਬੂਲੈਂਸ ਰਾਹੀਂ ਸਾਰੇ ਜ਼ਖਮੀਆਂ ਨੂੰ ਏਮਜ਼ ਟਰਾਮਾ ਸੈਂਟਰ ਅਤੇ ਸਫਦਰਜੰਗ ਹਸਪਤਾਲ ‘ਚ ਦਾਖਲ ਕਰਵਾਇਆ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਨੇ ਵੀ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ‘ਚ ਮਦਦ ਕੀਤੀ। ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਕੁੱਲ 17 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋਏ, ਜਿਨ੍ਹਾਂ ‘ਚੋਂ ਮੈਕਸ ਹਸਪਤਾਲ ‘ਚ ਇਲਾਜ ਦੌਰਾਨ 45 ਸਾਲਾ ਔਰਤ ਦੀ ਮੌਤ ਹੋ ਗਈ।