B Praak Delhi Jagran: ਪੰਜਾਬੀ ਗਾਇਕ ਬੀ ਪਰਾਕ ਦੇ ਪ੍ਰੋਗਰਾਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਪੰਜਾਬੀ ਗਾਇਕ ਦੇ ਪ੍ਰੋਗਰਾਮ ਦੌਰਾਨ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਇਸ ਦੌਰਾਨ ਕਰੀਬ 17 ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਦਿੱਲੀ ਦੇ ਕਾਲਕਾਜੀ ਮੰਦਰ ਦੇ ਮਹੰਤ ਕੰਪਲੈਕਸ ‘ਚ ਆਯੋਜਿਤ ਜਾਗਰਣ ਪ੍ਰੋਗਰਾਮ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇੱਥੇ ਪ੍ਰੋਗਰਾਮ ਦੌਰਾਨ ਸਟੇਜ ਅਚਾਨਕ ਡਿੱਗ ਗਈ। 


ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਦੇ ਸਮੇਂ ਸਟੇਜ ‘ਤੇ ਮਸ਼ਹੂਰ ਗਾਇਕ ਬੀ ਪਰਾਕ (Singer B Praak) ਮੌਜੂਦ ਸਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਭੀੜ ਉਸ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਕਾਰਨ ਮੰਚ ‘ਤੇ ਦਬਾਅ ਵਧ ਗਿਆ ਸੀ।







ਦੱਸ ਦੇਈਏ ਕਿ ਬੀ ਪਰਾਕ ਨੂੰ ਚੌਹਣ ਵਾਲੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਸੀ। ਇਸ ਦੌਰਾਨ ਅਚਾਨਕ ਭੀੜ ਵਧਣ ਲੱਗੀ। ਇਹ ਹਾਦਸਾ ਰਾਤ 12.30 ਵਜੇ ਦੇ ਕਰੀਬ ਵਾਪਰਿਆ। 1500 ਤੋਂ 1600 ਲੋਕ ਉੱਥੇ ਪਹੁੰਚ ਚੁੱਕੇ ਸੀ, ਇਨ੍ਹਾਂ ਵਿਚੋਂ ਕੁਝ ਲੋਕ ਬੀ ਪਰਾਕ ਦੇ ਨੇੜੇ ਜਾਣ ਦੀ ਦੌੜ ਵਿੱਚ ਸਟੇਜ ‘ਤੇ ਚੜ੍ਹਨ ਲੱਗੇ। ਇਸ ਕਾਰਨ ਜਾਗਰਣ ਦੀ ਸਟੇਜ ਭਾਰ ਨਾ ਝੱਲ ਸਕੀ ਅਤੇ ਇੱਕ ਪਾਸੇ ਨੂੰ ਝੁਕ ਗਈ। ਪ੍ਰਬੰਧਕਾਂ ਮੁਤਾਬਕ ਵੀਆਈਪੀਜ਼ ਦੇ ਪਰਿਵਾਰਾਂ ਦੇ ਬੈਠਣ ਲਈ ਮੁੱਖ ਸਟੇਜ ਦੇ ਨੇੜੇ ਇੱਕ ਉੱਚਾ ਸਟੇਜ ਬਣਾਇਆ ਗਿਆ ਸੀ। ਇਹ ਸਟੇਜ ਲੱਕੜ ਅਤੇ ਲੋਹੇ ਦੇ ਫਰੇਮ ਦਾ ਬਣਿਆ ਹੋਇਆ ਸੀ। ਇਸ ਸਟੇਜ ‘ਤੇ ਸਮਰੱਥਾ ਤੋਂ ਵੱਧ ਲੋਕ ਚੜ੍ਹੇ ਹੋਣ ਕਾਰਨ ਇਹ ਹਾਦਸਾ ਵਾਪਰਿਆ।


ਇੱਕ ਔਰਤ ਨੇ ਗਵਾਈ ਆਪਣੀ ਜਾਨ


ਇਸ ਦੌਰਾਨ ਉੱਥੇ ਮੌਜੂਦ ਪੁਲਿਸ ਅਤੇ ਪ੍ਰਬੰਧਕਾਂ ਨੇ ਐਂਬੂਲੈਂਸ ਰਾਹੀਂ ਸਾਰੇ ਜ਼ਖਮੀਆਂ ਨੂੰ ਏਮਜ਼ ਟਰਾਮਾ ਸੈਂਟਰ ਅਤੇ ਸਫਦਰਜੰਗ ਹਸਪਤਾਲ ‘ਚ ਦਾਖਲ ਕਰਵਾਇਆ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਨੇ ਵੀ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ‘ਚ ਮਦਦ ਕੀਤੀ। ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਕੁੱਲ 17 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋਏ, ਜਿਨ੍ਹਾਂ ‘ਚੋਂ ਮੈਕਸ ਹਸਪਤਾਲ ‘ਚ ਇਲਾਜ ਦੌਰਾਨ 45 ਸਾਲਾ ਔਰਤ ਦੀ ਮੌਤ ਹੋ ਗਈ।