ਚੰਡੀਗੜ੍ਹ: ਹੰਬਲ ਮੋਸ਼ਨ ਪਿਕਚਰਸ ਨੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਆਪਣੀ ਫਿਲਮ 'ਮਾਂ' (Punjabi Movie Maa) ਨੂੰ ਪੇਸ਼ ਕੀਤਾ ਹੈ, ਜਿਸ ਦਾ ਰਵਨੀਤ ਕੌਰ ਗਰੇਵਾਲ ਤੇ ਗਿੱਪੀ ਗਰੇਵਾਲ (Gippy Grewal) ਨਿਰਮਾਣ ਕੀਤਾ ਹੈ। ਭਾਨਾ ਐਲਏ ਤੇ ਵਿਨੋਦ ਅਸਵਾਲ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ ਤੇ ਰਾਣਾ ਰਣਬੀਰ ਨੇ ਇਸ ਦੀ ਕਹਾਣੀ ਲਿਖੀ ਹੈ।
ਗਿੱਪੀ ਗਰੇਵਾਲ ਤੋਂ ਇਲਾਵਾ, ਫਿਲਮ ਵਿੱਚ ਬਹੁਮੁਖੀ ਅਦਾਕਾਰਾ ਦਿਵਿਆ ਦੱਤਾ (Divya Dutta) ਵੀ ਮੁੱਖ ਭੂਮਿਕਾ ਮਾਂ ਵਿੱਚ ਹੈ। ਪ੍ਰਭਾਵਸ਼ਾਲੀ ਸਟਾਰ ਕਾਸਟ ਵਿੱਚ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਆਰੂਸ਼ੀ ਸ਼ਰਮਾ, ਰਘਵੀਰ ਬੋਲੀ, ਸਮੀਪ ਸਿੰਘ ਤੇ ਵੱਡਾ ਗਰੇਵਾਲ ਸ਼ਾਮਲ ਹਨ। ਇਸ ਤੋਂ ਇਲਾਵਾ, ਇਹ ਫ਼ਿਲਮ ਸਾਨੂੰ ਪ੍ਰਸਿੱਧ ਪੰਜਾਬੀ ਗਾਇਕ ਜੋੜੀ ਅਮਰ ਨੂਰੀ ਤੇ ਸਵਰਗਵਾਸੀ ਸਰਦੂਲ ਸਿਕੰਦਰ ਨੂੰ ਦੇਖਣ ਦਾ ਵੀ ਮੌਕਾ ਦੇਵੇਗੀ।
ਫਿਲਮ ਦਾ ਗੀਤ ਹੈਪੀ ਰਾਏਕੋਟੀ, ਰਿੱਕੀ ਖਾਨ ਤੇ ਫਤਿਹ ਸ਼ੇਰਗਿੱਲ ਦੇ ਲਿਖੇ ਹਨ ਜਿਨ੍ਹਾਂ ਨੂੰ ਜੇਕੇ ਤੇ ਦੇਸੀ ਕਰੂ ਨੇ ਸੰਗੀਤ ਦਿੱਤਾ ਹੈ, ਇਸ ਫਿਲਮ ਵਿੱਚ ਹਰਭਜਨ ਮਾਨ, ਫਿਰੋਜ਼ ਖਾਨ, ਕਮਲ ਖਾਨ, ਕਰਮਜੀਤ ਅਨਮੋਲ, ਰਿੱਕੀ ਖਾਨ, ਅਮਰ ਨੂਰੀ ਤੇ ਸਵਰਗੀ ਸਰਦੂਲ ਸਿਕੰਦਰ ਨੇ ਆਵਾਜ਼ ਦਿੱਤੀ ਹੈ।
ਫਿਲਮ ਬਣਾਉਣ ਦੇ ਸਨਮਾਨ ਵਿੱਚ, ਨਿਰਮਾਤਾ ਗਿੱਪੀ ਗਰੇਵਾਲ ਨੇ ਕਿਹਾ, "ਮੈਂ ਇਸ ਫਿਲਮ ਨੂੰ ਬਣਾਉਣ ਲਈ ਮਾਣ ਨਾਲ ਭਰਿਆ ਹੋਇਆ ਹਾਂ, ਇੱਕ ਮਾਂ ਦੀਆਂ ਭਾਵਨਾਵਾਂ ਨੂੰ ਦਰਸ਼ਾਉਣਾ ਇੱਕ ਵੱਡੀ ਜ਼ਿੰਮੇਵਾਰੀ ਹੈ ਕਿਓਂਕਿ ਇੱਕ ਮਾਂ ਖੁਦ ਆਪਣੇ ਜਜ਼ਬਾਤਾਂ ਨੂੰ ਹਮੇਸ਼ਾ ਆਪਣੀ ਮੁਸਕਰਾਹਟ ਦੇ ਪਿੱਛੇ ਲੁਕਾ ਕੇ ਰੱਖਦੀ ਹੈ। ਮੈਂ ਉਮੀਦ ਕਰਦਾ ਹਾਂ ਕਿ ਹਰ ਕੋਈ ਫਿਲਮ ਦੇਖ ਕੇ ਆਪਣੇ ਆਪ ਨੂੰ ਆਪਣੀ ਮਾਂ ਦੇ ਪਿਆਰ ਨੂੰ ਡੁੰਗਾਈ ਨਾਲ ਸਮਝੇਗਾ ਤੇ ਆਪਣੀ ਜ਼ਿੰਦਗੀ ਵਿੱਚ ਉਸ ਦੀ ਮਹੱਤਤਾ ਨੂੰ ਮਹਿਸੂਸ ਕਰੇਗਾ।"
ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ, “ਸਾਨੂੰ ਭਰੋਸਾ ਹੈ ਕਿ ਸਾਡੀ ਫਿਲਮ ‘ਮਾਂ’ ਹਰ ਕਿਸੇ ਨੂੰ ਸਾਰੀਆਂ ਭਾਵਨਾਵਾਂ ਨਾਲ ਰੂਬਰੂ ਕਰਾਵੇਗੀ, ਜੋ ਇੱਕ ਸ਼ਾਨਦਾਰ ਪਰਿਵਾਰਕ ਘੜੀ ਬਣਾਉਣ ਵਾਲੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ ਤੇ ਯਕੀਨ ਹੈ ਕਿ ਦਰਸ਼ਕ ਇਸ ਦਾ ਓਨਾ ਹੀ ਆਨੰਦ ਲੈਣਗੇ ਜਿੰਨਾ ਸਾਨੂੰ ਇਸ ਨੂੰ ਬਣਾਉਣ ਵਿੱਚ ਮਿਲਿਆ ਹੈ।"
ਰਾਣਾ ਰਣਬੀਰ ਨੇ ਕਿਹਾ, "ਇਸ ਫਿਲਮ ਦੀ ਕਹਾਣੀ ਸਭ ਤੋਂ ਵਿਲੱਖਣ ਹੈ ਜੋ ਦਰਸਾਉਂਦੀ ਹੈ ਕਿ ਕਿਵੇਂ ਇੱਕ ਮਾਂ ਦੁਨੀਆ ਦੇ ਸਾਜ਼ਿਸ਼ਕਰਤਾਵਾਂ ਦੇ ਅੱਗੇ ਡਟ ਕੇ ਆਪਣੇ ਬੱਚਿਆਂ ਦੇ ਭਲੇ ਲਈ ਖੜ ਜਾਂਦੀ ਹੈ। ਸਾਨੂੰ ਉਮੀਦ ਹੈ ਕਿ ਦਰਸ਼ਕ ਫਿਲਮ ਦੇ ਸੰਕਲਪ ਨੂੰ ਪਸੰਦ ਕਰਨਗੇ।"