Punjabi actor Raghveer Boli laid the foundation of the new house: ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਵਵਾ ਦਿਖਾਉਣ ਵਾਲੇ ਅਦਾਕਾਰ ਰਘਵੀਰ ਬੋਲੀ (Raghveer Boli) ਵੱਲੋਂ ਆਪਣੇ ਨਵੇਂ ਘਰ ਦੀ ਨੀਂਹ ਰੱਖੀ ਗਈ ਹੈ। ਇਸ ਮੌਕੇ ਉਨ੍ਹਾਂ ਭਾਵੁਕ ਹੋ ਆਪਣੇ ਪਿਤਾ ਦੀ ਯਾਦ ਵਿੱਚ ਬੇਹੱਦ ਖਾਸ ਪੋਸਟ ਸਾਂਝੀ ਕੀਤੀ ਹੈ। ਜੋ ਤੁਹਾਡੀਆਂ ਵੀ ਅੱਖਾਂ ਨਮ ਕਰ ਦਏਗੀ। ਦੱਸ ਦੇਈਏ ਕਿ ਕਲਾਕਾਰ ਦੇ ਪਿਤਾ ਜੀ ਇਸ ਦੁਨੀਆਂ ਤੋਂ ਪਹਿਲਾਂ ਹੀ ਰੁਖਸਤ ਹੋਏ ਚੁੱਕੇ ਹਨ।  ਅੱਜ ਉਨ੍ਹਾਂ ਦੇ ਪਿਤਾ ਜੀ ਦੀ ਬਰਸੀ ਹੈ ਅਤੇ ਇਸ ਮੌਕੇ ‘ਤੇ ਉਹ ਆਪਣੇ ਪਿਤਾ ਜੀ ਨੂੰ ਯਾਦ ਕਰਕੇ ਭਾਵੁਕ ਹੋ ਗਏ ਹਨ।


ਪੰਜਾਬੀ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਭਾਵੁਕ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਅਦਾਕਾਰ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਪੋਸਟ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਦੇ ਹੋਏ ਕਿਹਾ, ਥੋਡੀ ਬਰਸੀ ਤੇ …11-09-2003.. ਅੱਜ 20 ਸਾਲ ਹੋਗੇ ਪਾਪਾ ਜੀ ਥੋਨੂੰ ਗਿਆਂ , ਕਿੰਨੇ ਹੀ ੳਤਰਾ-ਚੜ੍ਹਾਅ ਆਏ ਜ਼ਿੰਦਗੀ ਵਿੱਚ ਪਰ ਥੋਡੀ ਤੇ ਬੀਬੀ ਦੀ ਨਸੀਅਤ ਸਦਕਾਂ ਸਭਨੂੰ ਚੜਦੀਕਲਾ ਨਾਲ ਸਵੀਕਾਰ ਕੀਤਾ । ਜਦ ਵੀ ਆਪਣੇ ਖੇਤਰ ਵਿੱਚ ਕਦੇ ਮੇਰੇ ਕੰਮ ਲਈ ਮੈਨੂੰ ਮੇਰੇ ਦਰਸ਼ਕਾਂ ਜਾਂ ਮੇਰੇ ਪੇਸ਼ੇ ਨਾਲ ਜੁੜੇ ਹੋਏ ਕਲਾਕਾਰਾਂ ਵੱਲੋਂ ਮੇਰੇ ਕੰਮ ਦੀ ਹੱਲਾਸ਼ੇਰੀ ਮਿਲੀ ਤਾਂ ਇੱਕੋ ਘਾਟ ਹਮੇਸ਼ਾ ਮਹਿਸੂਸ ਹੋਈ ਤੇ ਉਹ ਸੀ ਤੁਸੀਂ ਅੱਗੇ ਵੀ ਮਿਹਨਤ ਜਾਰੀ ਹੈ।





ਇੱਕ ਗੱਲ ਦੱਸਣੀ ਸੀ ਜੋ ਤੁਸੀਂ ਤੇ ਬੀਬੀ ਨੇ ਦਿਨ ਰਾਤ ਇੱਕ ਕਰਕੇ ਸਾਡੇ ਲਈ ਆਪਣੀ ਮਿਹਨਤ ਮਜ਼ਦੂਰੀ ਨਾਲ ਘਰ ( ਜੋ ਸਾਡੇ ਲਈ ਹਮੇਸ਼ਾ ਮਹਿਲ ਸੀ ਤੇ ਰਹਿਣਾ ) ਪਾਇਆ ਸੀ , ਬੀਬੀ ਦੇ ਕਹਿਣ ਤੇ ਅੱਜ ਉਸ ਮਹਿਲ ਨੂੰ ਢਾਹ ਕੇ ਆਪਣੀ ਮਿਹਨਤ ਨਾਲ ਛੋਟਾ ਜਿਹਾ ਆਲਣਾ ਪਾਉਣ ਦੀ ਕੋਸ਼ਿਸ਼ ਕਰ ਰਿਹਾਂ । ਮੈਂ ਬੀੱਬੀ ਨੂੰ ਹਮੇਸ਼ਾ ਕਿਹਾ ਕਿ ਮੈਂ ਇਹ ਘਰ ਨੀ ਢ੍ਹਾਉਣਾ , ਕੋਈ ਹੋਰ ਜਗ੍ਹਾ ਲੈਕੇ ਬਣਾ ਲੈਨੇ ਆਂ ਕਿਉਂਕਿ ਮੈਨੂੰ ਹਮੇਸ਼ਾ ਮਹਿਸੂਸ ਹੁੰਦਾ ਸੀ ਕਿ ਇਹ ਮੇਰੇ ਪਾਪਾ ਤੇ ਬੀਬੀ ਦੀ ਮਿਹਨਤ ਨਾਲ ਬਣਾਇਆ ਮਹਿਲ ਆ ਜਿੱਥੇ ਸਾਡੇ ਬਚਪਣ ਤੇ ਤੁਹਾਡੇ ਨਾਲ ਗੁਜ਼ਾਰੀਆਂ ਯਾਦਾਂ ਨੇ ਤੇ ਮੈਂ ਕਹਿੰਦਾ ਸੀ ਕਿ ਬੀਬੀ ਇਹ ਪਾਪਾ ਦੀ ਨਿਸ਼ਾਨੀ ਆ ਮੈਂ ਨੀ ਤੋੜਨਾ ਇਹ ਘਰ ਤਾਂ ਬੀਬੀ ਕਹਿੰਦੀ “ ਉਹਦੀ ( ਪਾਪਾ ਦੀ ) ਨਿਸ਼ਾਨੀ ਤੂੰ ਤੇ ਰਣਬੀਰ ਹੈਗੇ ਤਾਂ ਹੋਂ ਮੇਰੇ ਕੋਲ , ਕੋਈ ਨਾ ਪੁੱਤ ਇੱਥੇ ਈ ਬਣਾ ਲੈਨੇ ਆਂ “ ਤੇ ਫਿਰ ਮਾਂ ਦਾ ਹੁਕਮ ਸਿਰ ਮੱਥੇ , ਏਸ ਘਰ ਚ ਮੈਂ ਬਹੁਤ ਦੁੱਖ ਸੁੱਖ ਦੇਖੇ ਨੇ ਛੱਤਾਂ ਚੋਂਦੀਆਂ ਦੇਖੀਆਂ , ਆਟੇ ਤੋਂ ਖਾਲੀ ਢੋਲ ਦੇਖੇ ਤੇ ਹੋਰ ਕਿੰਨਾ ਕੁਛ ਮੇਰੇ ਬਚਪਨ ਤੋਂ ਜਵਾਨੀ ਵੱਲ ਜਾਣ ਤੱਕ ਦਾ । ਪਰ ਅੱਜ ਮਾਂ ਖੁਸ਼ ਹੈ ਤਾਂ ਲੱਗਦਾ ਤੁਸੀਂ ਵੀ ਬੀਬੀ ਦੇ ਏਸ ਫੈਸਲੇ ਨਾਲ ਖੁਸ਼ ਹੋਂਵੋਂਗੇ । ਇਹ ਸੋਚ ਕੇ ਭਾਵੁਕ ਤੇ ਖੁਸ਼ ਹਾਂ ਕਿ ਜੇ ਤੁਸੀਂ ਹੁੰਦੇ ਤਾਂ ਬਹੁਤ ਖੁਸ਼ ਹੋਣਾ ਸੀ ਤੇ ਸਭਨੂੰ ਕਹਿਣਾ ਸੀ “ ਮੇਰਾ ਬੀਰਾ “ ( ਮੇਰਾ ਘਰ ਦਾ ਨਾਮ ) ਆਪਣੀ ਕਮਾਈ ਨਾਲ ਘਰ ਪਾ ਰਿਹਾ “। ਮੇਰੀ ਕਮਾਈ ਥੋਡੀ ਤੇ ਬੀਬੀ ਦੀ ਕਮਾਈ ਅੱਗੇ ਕੁਛ ਵੀ ਨੀ ਹੈ । ਮੈਂ ਤਾਂ ਕੋਸ਼ਿਸ਼ ਕਰ ਰਿਹਾਂ ਮਾਂ ਨੂੰ ਖੁਸ਼ ਕਰਨ ਦੀ ਤੇ ਜੋ ਤੁਸੀਂ ਸੁਪਨੇ ਦੇਖੇ ਸੀ ਆਪਣੇ ਕਲਾਕਾਰ ਪੁੱਤ ਲਈ ਉਹਨਾਂ ਨੂੰ ਪੂਰਾ ਕਰਨ ਦੀ।


ਬਹੁਤ ਕੁਛ ਲਿਖ ਸਕਦਾਂ ਪਰ ਅੱਜ ਇਹਨਾਂ ਈ ਦੱਸਣਾ ਸੀ ਕਿ ਜਿਹੜੇ ਘਰ ਦੇ ਵਿਹੜੇ ਵਿੱਚ ਤੁਸੀਂ ਆਖਰੀ ਵਾਰ ਸਾਹ ਲਏ ਸੀ ਤੇ ਜਿਸ ਘਰ ਦੀਆਂ ਕੰਧਾਂ ਨੂੰ ਤੁਸੀ ਤੇ ਬੀਬੀ ਨੇ ਆਪਣੇ ਮੁੜਕੇ ਦੀ ਕਮਾਈ ਨਾਲ ਖੜਾ ਕੀਤਾ ਸੀ ਮੈਂ ਉਸੇ ਜਗ੍ਹਾ ਤੇ ਥੋਨੂੰ ਹਾਜ਼ਰ ਨਾਜ਼ਰ ਸਮਝ ਕੇ ਥੋਡੇ ਕਲਾਕਾਰ ਪੁੱਤ ਦੀ ਕਮਾਈ ਵਿੱਚੋਂ ਥੋਡੀ ਤੇ ਬੀਬੀ ਦੇ ਅਸ਼ੀਰਵਾਦ ਨਾਲ ਆਪਣੇ ਮੁੜਕੇ ਦੀ ਕਮਾਈ ਦੀ ਇੱਟ ਧਰਨ ਲੱਗਾਂ । ਬਾਲਿਆਂ ਵਾਲੀਆਂ ਚੋਂਦੀਆਂ ਛੱਤਾਂ ਨੂੰ ਮਿਹਨਤ ਤੇ ਸਿਦਕ ਨਾਲ ਪੱਕਾ ਕਰਨ ਦੀ ਕੋਸ਼ਿਸ਼ ਕਰਨ ਜਾ ਰਿਹਾਂ । ਪਰ ਥੋਡੇ ਤੇ ਬੀਬੀ ਵਰਗੇ ਬਣਾਏ ਮਹਿਲ ਵਰਗਾ ਘਰ ਮੈਂ ਕਦੇ ਵੀ ਨੀ ਬਣਾ ਸਕਣਾ । ਮੈਂ ਧੂੜ ਹਾਂ ਥੋਡੇ ਤੇ ਬੀਬੀ ਦੇ ਪੈਰਾਂ ਦੀ । ਰਣਬੀਰ ਬਹੁਤ ਜ਼ਿਆਦਾ ਤੇ ਜਿੰਮੇਵਾਰੀ ਨਾਲ ਕੰਮ ਕਰ ਰਿਹਾ , ਬਹੁਤ ਸਿਆਣਾ ਤੇ ਆਗਿਆਕਾਰੀ ਪੁੱਤ ਐ ਥੋਡਾ ਤੇ ਗੋਲੋ …ਬਾਕੀ Comments ਵਿੱਚ ਪੜ ਸਕਦੇ ਉਂ....