ਅਮੈਲੀਆ ਪੰਜਾਬੀ ਦੀ ਰਿਪੋਰਟ
Ammy Virk New Movie: ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੀ ਸਫਲਤਾ ਦਾ ਗਰਾਫ ਹਰ ਦਿਨ ਉੱਚਾ ਹੋ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ। ਕਈ ਸਾਲਾਂ ਬਾਅਦ 'ਕਲੀ ਜੋਟਾ' ਵਰਗੀ ਫਿਲਮ ਦੇਖ ਕੇ ਇੰਜ ਲੱਗਿਆ ਸੀ ਕਿ ਹੁਣ ਪੰਜਾਬੀ ਸਿਨੇਮਾ ਦੀ ਦਿਸ਼ਾ ਬਦਲ ਰਹੀ ਹੈ। ਸ਼ਾਇਦ ਹੁਣ ਪੰਜਾਬੀ ਇੰਡਸਟਰੀ 'ਚ ਕੁੱਝ ਢੰਗ ਦੀਆਂ ਫਿਲਮਾਂ ਬਣਨਗੀਆਂ। ਪਰ ਹਾਲ ਹੀ 'ਚ 'ਅੰਨ੍ਹੀ ਦਿਆ ਮਜ਼ਾਕ ਏ' ਵਰਗੀ ਫਿਲਮ ਨੇ ਸਾਰੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।
ਜਦੋਂ ਪਹਿਲੀ ਵਾਰ ਇਸ ਫਿਲਮ ਦਾ ਟਾਈਟਲ ਸਾਹਮਣੇ ਆਇਆ ਤਾਂ ਉਦੋਂ ਹੀ ਕੁੱਝ ਠੀਕ ਨਹੀਂ ਲੱਗ ਰਿਹਾ ਸੀ। ਕਿਉਂਕਿ ਭਾਰਤ ਵਿੱਚ ਇਹ ਕਾਨੂੰਨ ਹੈ ਕਿ ਤੁਸੀਂ ਕਿਸੇ ਦੀ ਸਰੀਰਕ ਅਯੋਗਤਾ ਦਾ ਮਜ਼ਾਕ ਨਹੀਂ ਉਡਾ ਸਕਦੇ ਹੋ। ਪਰ ਇੱਥੇ ਤਾਂ ਇੱਕ ਪੂਰੀ ਫਿਲਮ ਹੀ ਇਸ ਨਾਮ 'ਤੇ ਬਣ ਗਈ ਹੈ। ਆਪਣੇ ਆਪ ਨੂੰ ਇੰਡਸਟਰੀ ਦੇ ਥੰਮ ਕਹਾਉਣ ਵਾਲੇ ਸੀਨੀਅਰ ਐਕਟਰ ਵੀ ਇਸ ਫਿਲਮ 'ਚ ਕੰਮ ਕਰ ਰਹੇ ਹਨ ਅਤੇ ਇਸ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਹਨ। ਇਸ ਫਿਲਮ ਦੇ ਟਾਈਟਲ ਤੱਕ ਤਾਂ ਠੀਕ ਸੀ, ਪਰ ਬੀਤੇ ਦਿਨ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਕੋਈ ਵੀ ਸ਼ਰਮਸਾਰ ਮਹਿਸੂਸ ਕਰ ਸਕਦਾ ਹੈ।
ਇਸ ਵੀਡੀਓ ਨੂੰ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੰਨ੍ਹੇਪਣ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਦੀ ਫੂਹੜਤਾ ਨੂੰ ਕਾਮੇਡੀ ਦਾ ਨਾਮ ਦਿੱਤਾ ਗਿਆ ਹੈ। ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਹਾਲੇ ਤੱਕ ਕਿਸੇ ਨੇ ਇਸ ਗੱਲ ਦਾ ਵਿਰੋਧ ਨਹੀਂ ਕੀਤਾ। ਲੋਕ ਧੜੱਲੇ ਨਾਲ ਇਸ ਪੋਸਟ 'ਤੇ ਕਮੈਂਟ ਕਰ ਰਹੇ ਹਨ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਜਸਵਿੰਦਰ ਭੱਲਾ ਵਰਗਾ ਸੀਨੀਅਰ ਕਲਾਕਾਰ ਵੀ ਇਸ 'ਚ ਸ਼ਾਮਲ ਹੈ। ਹੁਣ ਜਾਂ ਤਾਂ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੂੰ ਸਮਾਜਕ ਜਾਗਰੁਕਤਾ ਨਹੀਂ ਹੈ, ਜਾਂ ਫਿਰ ਇਹ ਕਿਸੇ ਦੀ ਪਰਵਾਹ ਨਹੀਂ ਕਰਦੇ। ਤੁਸੀਂ ਖੁਦ ਹੀ ਦੇਖ ਲਓ ਇਹ ਵੀਡੀਓ:
ਪੰਜਾਬੀ ਇੰਡਸਟਰੀ 'ਚ ਕਿਸੇ ਦੀ ਕਮੀ ਜਾਂ ਉਸ ਦੀ ਸਰੀਰਕ ਅਯੋਗਤਾ ਦਾ ਮਜ਼ਾਕ ਉਡਾਉਣਾ ਕੋਈ ਨਵੀਂ ਗੱਲ ਨਹੀਂ ਹੈ। 'ਕਾਲਾ ਸ਼ਾਹ ਕਾਲਾ' ਫਿਲਮ 'ਚ ਕਾਲੇ ਰੰਗ ਦਾ ਮਜ਼ਾਕ ਉਡਾਇਆ ਗਿਆ। ਹੁਣ 'ਅੰਨ੍ਹੀ ਦਿਆ ਮਜ਼ਾਕ ਏ' 'ਚ ਜੋ ਦਿਖਾਇਆ ਜਾ ਰਿਹਾ ਹੈ, ਉਸ ਤੋਂ ਤਾਂ ਸਾਰੀ ਤਸਵੀਰ ਹੀ ਸਾਫ ਹੋ ਗਈ ਹੈ।