Punjab News: ਪੰਜਾਬੀ ਲੋਕ ਗਾਇਕ ਬੂਟਾ ਮੁਹੰਮਦ ਨੇ ਆਪਣੀ ਸਿਆਸੀ ਪਾਰਟੀ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਬੂਟਾ ਮੁਹੰਮਦ ਮੰਗਲਵਾਰ ਸਵੇਰੇ ਲੁਧਿਆਣਾ 'ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਪਾਰਟੀ ਦੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋ ਗਏ। ਬੂਟਾ ਮੁਹੰਮਦ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੁੰਦੇ ਨਜ਼ਰ ਆਏ। ਬੂਟਾ ਮੁਹੰਮਦ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਉਹ ਭਾਜਪਾ ਦਾ ਮੈਂਬਰ ਬਣ ਗਿਆ ਹੈ। ਸੋਸ਼ਲ ਮੀਡੀਆ ਉੱਪਰ ਇਸ ਦੀ ਖੂਬ ਚਰਚਾ ਹੋ ਰਹੀ ਹੈ।

ਬੂਟਾ ਮੁਹੰਮਦ ਬਾਰੇ ਉਦੋਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਉਹ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਦੇ ਸਮਾਗਮ ਵਿੱਚ ਹਿੱਸਾ ਲੈਣ ਲਈ ਚੰਡੀਗੜ੍ਹ ਪੁੱਜੇ। ਬੂਟਾ ਮੁਹੰਮਦ ਕੈਪਟਨ ਅਮਰਿੰਦਰ ਸਿੰਘ ਤੋਂ ਸਿਰੋਪਾਓ ਲੈਂਦੇ ਨਜ਼ਰ ਆਏ। ਅਮਰਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਬੂਟਾ ਮੁਹੰਮਦ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਬੂਟਾ ਵੱਲੋਂ ਅਜਿਹਾ ਕਦਮ ਚੁੱਕਣ ਕਾਰਨ ਭਾਜਪਾ ਆਗੂਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਪਰ ਬੂਟਾ ਨੇ ਅੱਗੇ ਆ ਕੇ ਸਪਸ਼ਟੀਕਰਨ ਦਿੱਤਾ। ਬੂਟਾ ਨੇ ਕਿਹਾ ਕਿ ਮੈਂ ਭਾਜਪਾ ਦਾ ਮੈਂਬਰ ਹਾਂ। ਮੈਂ ਪੰਜਾਬ ਲੋਕ ਕਾਂਗਰਸ ਦੀ ਮੈਂਬਰਸ਼ਿਪ ਨਹੀਂ ਲਈ। ਮੈਂ ਆਪਣੇ ਦੋਸਤ ਨਾਲ ਉੱਥੇ ਗਿਆ ਸੀ। ਮੇਰਾ ਦੋਸਤ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਹੈ।

ਕੌਣ ਹੈ ਬੂਟਾ ਮੁਹੰਮਦ
ਦੱਸ ਦੇਈਏ ਕਿ ਬੂਟਾ ਮੁਹੰਮਦ ਪੰਜਾਬ ਦੇ ਸੂਫੀ ਗਾਇਕਾਂ ਦੇ ਪਰਿਵਾਰ ਨਾਲ ਸਬੰਧਤ ਹੈ। ਉਸ ਦੇ ਪਿਤਾ, ਮਰਹੂਮ ਸਰਦਾਰ ਮੁਹੰਮਦ, ਇੱਕ ਪ੍ਰਸਿੱਧ ਗਾਇਕ ਤੇ ਸੰਗੀਤਕਾਰ ਸਨ। ਬੂਟਾ ਮੁਹੰਮਦ ਦਾ ਭਰਾ ਵੀ ਸੰਗੀਤਕਾਰ ਰਹਿ ਚੁੱਕਾ ਹੈ। ਬੂਟਾ ਮੁਹੰਮਦ ਦੇ ਮਸ਼ਹੂਰ ਗੀਤਾਂ ਵਿੱਚ ਦਿਲਾਗੀ, ਝਾਂਝਰਾਂ, ਗਬਰੂ ਦੇ ਮੋਡਿਆ, ਹੈ ਮੇਰੀ ਜਾਨ ਅਤੇ ਮਾਂ ਦੀਆ ਦੁਆਂ ਸ਼ਾਮਲ ਹਨ। ਉਨ੍ਹਾਂ ਦਾ ਪਹਿਲਾ ਗੀਤ 1996 ਵਿੱਚ ਲਾਂਚ ਹੋਇਆ ਸੀ।