ਕੀਨੀਆ ਗੰਭੀਰ ਸੋਕੇ ਦੀ ਸਥਿਤੀ 'ਚੋਂ ਗੁਜ਼ਰ ਰਿਹਾ ਹੈ। ਦੇਸ਼ 'ਚ ਸੋਕੇ ਦਾ ਅਸਰ ਉਥੋਂ ਦੇ ਜਰਾਫ਼ਾਂ ਉੱਤੇ ਵੀ ਪਿਆ ਹੈ। ਭੁੱਖ-ਪਿਆਸ ਨਾਲ ਮਰੇ ਹੋਏ ਕੁਝ ਜਰਾਫ਼ਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇੰਟਰਨੈੱਟ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ 'ਚ ਕੀਨੀਆ ਦੇ ਉੱਤਰ-ਪੂਰਬੀ ਸ਼ਹਿਰ ਵਜ਼ੀਰ 'ਚ ਸਾਬੁਲੀ ਵਾਈਲਡ ਲਾਈਫ਼ ਸੈਂਚੁਰੀ ਦੇ ਅੰਦਰ 6 ਜਿਰਾਫ਼ ਮਰੇ ਹੋਏ ਨਜ਼ਰ ਆ ਰਹੇ ਹਨ।
ਇਹ ਤਸਵੀਰਾਂ ਭੋਜਨ ਤੇ ਪਾਣੀ ਦੀ ਘਾਟ ਕਾਰਨ ਕਮਜ਼ੋਰ ਹੋਏ ਜਿਰਾਫ਼ਾਂ ਦੀ ਮੌਤ ਤੋਂ ਬਾਅਦ ਲਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਿਰਾਫ਼ ਨੇੜੇ ਦੇ ਲਗਪਗ ਸੁੱਕ ਚੁੱਕੇ ਟੋਭੇ ਦਾ ਪਾਣੀ ਪੀਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਉਹ ਚਿੱਕੜ 'ਚ ਫਸ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਥੋਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਿਸੇ ਹੋਰ ਥਾਂ 'ਤੇ ਲਿਜਾਇਆ ਗਿਆ, ਜਿੱਥੇ ਇਹ ਤਸਵੀਰਾਂ ਲਈਆਂ ਗਈਆਂ। ਟੋਭਿਆਂ ਦੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਲਾਸ਼ਾਂ ਨੂੰ ਉਥੋਂ ਹਟਾ ਦਿੱਤਾ ਗਿਆ ਹੈ।
ਇਕ ਹੋਰ ਫ਼ੋਟੋ 'ਚ ਆਈਰਿਬ ਪਿੰਡ ਦੇ ਸਹਾਇਕ ਮੁਖੀ ਅਬਦੀ ਕਰੀਮ ਨੂੰ 6 ਜਿਰਾਫ਼ਾਂ ਦੀਆਂ ਲਾਸ਼ਾਂ ਵੇਖਦਿਆਂ ਦਿਖਾਇਆ ਗਿਆ ਹੈ। ਇਹ ਇਲਾਕਾ ਸਾਬੁਲੀ ਜੰਗਲੀ ਜੀਵ ਸੁਰੱਖਿਆ ਅਧੀਨ ਆਉਂਦੇ ਆਈਰਿਬ ਪਿੰਡ ਦੇ ਬਾਹਰੀ ਖੇਤਰ 'ਚ ਸਥਿੱਤ ਹੈ। ਇਹ ਤਸਵੀਰ 10 ਦਸੰਬਰ ਨੂੰ ਲਈ ਗਈ ਸੀ।
ਅਲਜਜ਼ੀਰਾ ਮੁਤਾਬਕ ਸਤੰਬਰ ਤੋਂ ਲੈ ਕੇ ਹੁਣ ਤਕ ਕੀਨੀਆ ਦੇ ਉੱਤਰੀ ਹਿੱਸੇ 'ਚ ਆਮ ਨਾਲੋਂ 30 ਫ਼ੀਸਦੀ ਘੱਟ ਬਾਰਸ਼ ਹੋਈ ਹੈ ਤੇ ਇਸ ਕਾਰਨ ਇਹ ਖੇਤਰ ਗੰਭੀਰ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਮੀਂਹ ਨਾ ਪੈਣ ਕਾਰਨ ਇਲਾਕੇ ਦੇ ਜੰਗਲੀ ਜੀਵਾਂ 'ਤੇ ਬਹੁਤ ਮਾੜਾ ਅਸਰ ਪਿਆ ਹੈ। ਇਲਾਕੇ 'ਚ ਜੰਗਲੀ ਜਾਨਵਰਾਂ ਲਈ ਖਾਣ-ਪੀਣ ਦੀ ਘਾਟ ਪੈਦਾ ਹੋ ਗਈ ਹੈ। ਇਸ ਸੋਕੇ ਦਾ ਪਸ਼ੂ ਪਾਲਣ ਵਾਲੇ ਕਿਸਾਨਾਂ ਦੀ ਰੋਜ਼ੀ-ਰੋਟੀ 'ਤੇ ਵੀ ਬਹੁਤ ਮਾੜਾ ਅਸਰ ਪਿਆ ਹੈ।
ਕੀਨੀਆ ਦੀ ਨਿਊਜ਼ ਵੈੱਬਸਾਈਟ 'ਦੀ ਸਟਾਰ' ਨੂੰ ਬੋਰ-ਅਲਗੀ ਜਿਰਾਫ਼ ਸੈਂਚੂਰੀ ਦੇ ਇਬਰਾਹਿਮ ਅਲੀ ਨੇ ਦੱਸਿਆ ਕਿ ਜੰਗਲੀ ਜਾਨਵਰਾਂ ਨੂੰ ਇਸ ਸੋਕੇ ਦਾ ਸਭ ਤੋਂ ਵੱਧ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ, ਪਰ ਜੰਗਲੀ ਜੀਵਾਂ ਦੀ ਨਹੀਂ ਅਤੇ ਇਸੇ ਕਰਕੇ ਉਹ ਸੋਕੇ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਦਰਿਆ ਦੇ ਕੰਢੇ ਖੇਤੀ ਕੀਤੀ ਜਾ ਰਹੀ ਹੈ, ਜਿਸ ਕਾਰਨ ਜਿਰਾਫ਼ਾਂ ਨੂੰ ਪਾਣੀ ਤਕ ਪਹੁੰਚਣਾ ਬੰਦ ਹੋ ਗਿਆ ਹੈ। ਇਸ ਨਾਲ ਸਥਿਤੀ ਹੋਰ ਵਿਗੜ ਗਈ ਹੈ। 'ਦੀ ਸਟਾਰ' ਦੀ ਰਿਪੋਰਟ ਮੁਤਾਬਕ 4000 ਜਿਰਾਫ਼ਾਂ ਦੇ ਸੋਕੇ ਨਾਲ ਮਰਨ ਦਾ ਖ਼ਤਰਾ ਹੈ।
ਕੀਨੀਆ 'ਚ ਸੋਕੇ ਦਾ ਅਸਰ ਨਾ ਸਿਰਫ਼ ਜਾਨਵਰਾਂ ਨੂੰ ਸਗੋਂ ਉੱਥੋਂ ਦੇ ਲੋਕਾਂ ਉੱਤੇ ਵੀ ਪੈ ਰਿਹਾ ਹੈ। ਦੇਸ਼ ਦੀ ਸੋਕਾ ਪ੍ਰਬੰਧਨ ਅਥਾਰਟੀ ਨੇ ਸਤੰਬਰ 'ਚ ਚਿਤਾਵਨੀ ਦਿੱਤੀ ਸੀ ਕਿ ਦੇਸ਼ 'ਚ ਗੰਭੀਰ ਸੋਕੇ ਕਾਰਨ ਲਗਪਗ 21 ਲੱਖ ਕੀਨੀਆਈ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਰਾਸ਼ਟਰਪਤੀ ਉਹੁਰੂ ਕੀਨੀਆਟਾ ਨੇ ਸਤੰਬਰ 'ਚ ਸੋਕੇ ਨੂੰ ਰਾਸ਼ਟਰੀ ਆਫ਼ਤ ਘੋਸ਼ਿਤ ਕੀਤਾ ਸੀ।
ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਨੇ ਕਿਹਾ ਕਿ 29 ਲੱਖ ਲੋਕਾਂ ਨੂੰ ਅਜੇ ਵੀ ਮਨੁੱਖੀ ਸਹਾਇਤਾ ਦੀ ਤੁਰੰਤ ਲੋੜ ਹੈ। ਕੀਨੀਆ ਦੇ ਕੁਝ ਖੇਤਰਾਂ 'ਚ ਹਾਲ ਹੀ ਦੇ ਦਹਾਕਿਆਂ 'ਚ ਸਭ ਤੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਦੌਰਾਨ ਕੀਨੀਆ ਦੀ ਰਾਸ਼ਟਰੀ ਸੋਕਾ ਪ੍ਰਬੰਧਨ ਅਥਾਰਟੀ ਨੇ ਪਿਛਲੇ ਹਫ਼ਤੇ ਸੋਕੇ ਤੋਂ ਪ੍ਰਭਾਵਿਤ 25 ਲੱਖ ਲੋਕਾਂ ਲਈ ਐਮਰਜੈਂਸੀ ਰਾਹਤ ਨਕਦ ਟਰਾਂਸਫ਼ਰ ਪ੍ਰੋਗਰਾਮ ਦੀ ਘੋਸ਼ਣਾ ਕੀਤੀ ਹੈ।
ਇਹ ਵੀ ਪੜ੍ਹੋ: ਕਸ਼ਮੀਰ 'ਚ 31 ਸਾਲਾਂ ਦੌਰਾਨ 1724 ਲੋਕ ਬਣੇ ਅੱਤਵਾਦੀਆਂ ਦਾ ਸ਼ਿਕਾਰ, ਇਨ੍ਹਾਂ 'ਚੋਂ ਸਿਰਫ਼ 5% ਕਸ਼ਮੀਰੀ ਪੰਡਿਤ: RTI 'ਚ ਹੋਇਆ ਖੁਲਾਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin