ਚੰਡੀਗੜ੍ਹ: ਕਸ਼ਮੀਰ (Kashmir) 'ਚ ਪਿਛਲੇ 31 ਸਾਲਾਂ 'ਚ ਅੱਤਵਾਦੀ ਹਿੰਸਾ (Terrorist Violence) 'ਚ ਕੁੱਲ 1724 ਲੋਕ ਮਾਰੇ ਗਏ ਹਨ। ਇਨ੍ਹਾਂ ਵਿੱਚੋਂ ਕਸ਼ਮੀਰੀ ਪੰਡਿਤ (Kashmiri Pandit) ਸਿਰਫ਼ 5 ਫ਼ੀਸਦੀ ਹਨ, ਜਦਕਿ 95 ਫ਼ੀਸਦੀ ਮੁਸਲਮਾਨ ਤੇ ਹੋਰ ਲੋਕ ਮਾਰੇ ਗਏ ਹਨ। ਕਸ਼ਮੀਰ ਤੋਂ ਪਲਾਇਨ ਕਰਨ ਵਾਲੇ ਕੁੱਲ 154,161 ਲੋਕਾਂ 'ਚੋਂ 88 ਫੀਸਦੀ ਕਸ਼ਮੀਰੀ ਪੰਡਿਤ ਹਨ ਤੇ ਬਾਕੀ 12 ਫ਼ੀਸਦੀ ਹੋਰ ਲੋਕ ਹਨ।


ਹਰਿਆਣਾ ਦੇ ਪਾਣੀਪਤ ਵਾਸੀ ਤੇ ਸੂਚਨਾ ਦਾ ਅਧਿਕਾਰ (ਆਰਟੀਆਈ) ਕਾਰਕੁਨ ਪੀਪੀ ਕਪੂਰ ਨੇ ਇਸ ਅਧਿਕਾਰ ਦੀ ਵਰਤੋਂ ਕਰਦਿਆਂ ਪਿਛਲੇ ਸਾਲ 27 ਨਵੰਬਰ ਨੂੰ ਡੀਐਸਪੀ (ਹੈੱਡ ਕੁਆਟਰ) ਕਸ਼ਮੀਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਦੱਸਿਆ ਕਿ ਸਾਲ 1990 ਤੋਂ ਕਸ਼ਮੀਰ 'ਚ ਅੱਤਵਾਦ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਪਿਛਲੇ 31 ਸਾਲਾਂ 'ਚ ਅੱਤਵਾਦੀਆਂ ਵੱਲੋਂ 1724 ਲੋਕਾਂ ਨੂੰ ਮਾਰਿਆ ਜਾ ਚੁੱਕਾ ਹੈ। ਇਨ੍ਹਾਂ 'ਚੋਂ 5% ਮਤਲਬ ਕੁੱਲ 89 ਕਸ਼ਮੀਰੀ ਪੰਡਿਤ ਮਾਰੇ ਗਏ ਹਨ, ਜਦਕਿ ਅੱਤਵਾਦੀਆਂ ਵੱਲੋਂ ਕੁੱਲ ਮੌਤਾਂ ਵਿੱਚੋਂ 95% ਮਤਲਬ 1635 ਹੋਰ ਧਰਮਾਂ ਦੇ ਲੋਕ ਮਾਰੇ ਗਏ ਹਨ।


ਕਪੂਰ ਨੇ ਦੱਸਿਆ ਕਿ ਸੂਬੇ ਤੋਂ ਪ੍ਰਵਾਸ ਕਰਨ ਵਾਲੇ ਕੁੱਲ 1,54,161 ਲੋਕਾਂ ਵਿੱਚੋਂ ਸਭ ਤੋਂ ਵੱਧ 1,35,426 ਮਤਲਬ 88 ਫ਼ੀਸਦੀ ਕਸ਼ਮੀਰੀ ਪੰਡਤਾਂ ਨੇ ਪਲਾਇਨ ਕੀਤਾ ਹੈ। ਪ੍ਰਵਾਸ ਕਰਨ ਵਾਲੇ ਹੋਰ ਲੋਕਾਂ ਦੀ ਗਿਣਤੀ ਸਿਰਫ਼ 12 ਫ਼ੀਸਦੀ ਹੈ, ਜਿਨ੍ਹਾਂ 'ਚ ਮੁੱਖ ਤੌਰ 'ਤੇ ਮੁਸਲਮਾਨ ਹਨ। ਕਪੂਰ ਨੇ ਕਿਹਾ ਕਿ ਪਲਾਇਨ ਤੋਂ ਬਾਅਦ ਘਰ ਵਾਪਸੀ ਕਰਨ ਵਾਲੇ ਕਸ਼ਮੀਰੀ ਪੰਡਤਾਂ ਤੇ ਹੋਰਾਂ ਦੀ ਗਿਣਤੀ ਡਿਵੀਜ਼ਨਲ ਕਮਿਸ਼ਨਰ ਕਸ਼ਮੀਰ ਨੇ ਨਹੀਂ ਦੱਸੀ।


ਕਿਸ ਭਾਈਚਾਰੇ ਤੋਂ ਕਿੰਨਾ ਪਲਾਇਨ?


ਆਰਟੀਆਈ ਕਾਰਕੁਨ ਪੀਪੀ ਕਪੂਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਲਾਇਨ ਕਰ ਚੁੱਕੇ ਕਸ਼ਮੀਰੀ ਪੰਡਤਾਂ ਦੀ ਘਰ ਵਾਪਸੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਕਪੂਰ ਨੇ ਰਾਹਤ ਤੇ ਮੁੜ ਵਸੇਬਾ ਕਮਿਸ਼ਨਰ ਜੰਮੂ ਦੇ ਦਫ਼ਤਰ ਤੋਂ ਆਰਟੀਆਈ ਰਾਹੀਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਕਿਹਾ ਕਿ ਪਿਛਲੇ 31 ਸਾਲਾਂ 'ਚ ਕੁੱਲ 1,54,161 ਲੋਕਾਂ 'ਚੋਂ 1,35,426 ਹਿੰਦੂਆਂ ਤੇ 18,735 ਮੁਸਲਮਾਨਾਂ ਨੇ ਪਲਾਇਨ ਕੀਤਾ ਹੈ।


ਇਨ੍ਹਾਂ ਵਿੱਚੋਂ 53,978 ਹਿੰਦੂ, 11,212 ਮੁਸਲਮਾਨ, 5,013 ਸਿੱਖ ਅਤੇ 15 ਹੋਰਨਾਂ ਨੂੰ ਸਰਕਾਰੀ ਸਹਾਇਤਾ ਮਿਲ ਰਹੀ ਹੈ, ਜਦਕਿ 81,448 ਹਿੰਦੂ, 949 ਮੁਸਲਮਾਨ, 1542 ਸਿੱਖ ਤੇ 4 ਹੋਰ ਸਮੇਤ ਕੁੱਲ 83,943 ਵਿਅਕਤੀ ਸਰਕਾਰੀ ਸਹਾਇਤਾ ਤੋਂ ਵਾਂਝੇ ਹਨ।


ਕਸ਼ਮੀਰੀ ਪ੍ਰਵਾਸੀਆਂ ਨੂੰ ਸਹਾਇਤਾ


ਹਰੇਕ ਰਜਿਸਟਰਡ ਕਸ਼ਮੀਰੀ ਪ੍ਰਵਾਸੀ ਨੂੰ ਸਰਕਾਰ ਵੱਲੋਂ ਹਰ ਮਹੀਨੇ 3250 ਰੁਪਏ, 9 ਕਿਲੋ ਚਾਵਲ, 2 ਕਿਲੋ ਆਟਾ ਤੇ 1 ਕਿਲੋ ਖੰਡ ਦੀ ਸਹਾਇਤਾ ਦਿੱਤੀ ਜਾਂਦੀ ਹੈ।


ਪਿਛਲੇ 10 ਸਾਲਾਂ 'ਚ ਖਰਚ ਕੀਤੀ ਗਈ ਰਕਮ :


ਭਾਰਤ ਸਰਕਾਰ ਵੱਲੋਂ ਪਿਛਲੇ 10 ਸਾਲਾਂ (2010-2011 ਤੋਂ 2020-2021 ਤਕ) ਸਾਰੇ ਪ੍ਰਵਾਸੀ ਕਸ਼ਮੀਰੀਆਂ 'ਤੇ ਕੁੱਲ 5476.58 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 1887.43 ਕਰੋੜ ਰੁਪਏ ਦੀ ਨਕਦ ਸਹਾਇਤਾ, 2100 ਕਰੋੜ ਰੁਪਏ ਦਾ ਅਨਾਜ, 20.25 ਕਰੋੜ ਰੁਪਏ ਦਾ ਬੁਨਿਆਦੀ ਢਾਂਚਾ, 82.39 ਕਰੋੜ ਰੁਪਏ ਨਾਗਰਿਕ ਗਤੀਵਿਧੀਆਂ ਪ੍ਰੋਗਰਾਮ, 106.42 ਕਰੋੜ ਰੁਪਏ ਦੀ ਸਹਾਇਤਾ ਤੇ ਮੁੜ ਵਸੇਬਾ, 1156.22 ਕਰੋੜ ਰੁਪਏ ਪ੍ਰਧਾਨ ਮੰਤਰੀ ਤਨਖਾਹ ਪੈਕੇਜ਼, 1213 ਕਰੋੜ ਰੁਪਏ ਦੇ ਸਰਕਾਰੀ ਐਨਪੀਐਸ ਦਾ ਹਿੱਸਾ ਸ਼ਾਮਲ ਹੈ।



ਇਹ ਵੀ ਪੜ੍ਹੋ: Election 2022: ਤਾਜ਼ਾ ਚੋਣ ਸਰਵੇਖਣਾਂ ਮਗਰੋਂ ਕਾਂਗਰਸ 'ਚ ਭੂਚਾਲ, ਚੰਡੀਗੜ੍ਹ 'ਚ ਮੀਟਿੰਗਾਂ ਦਾ ਦੌਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904