ਮੁੰਬਈ: ਸ਼ੋਅਮੈਨ ਦੇ ਨਾਂ ਤੋਂ ਮਸ਼ਹੂਰ ਰਹੇ ਰਾਜ ਕਪੂਰ ਦੀ ਵੱਡੀ ਬੇਟੀ ਤੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ, ਰਣਧੀਰ ਕਪੂਰ ਤੇ ਰਾਜੀਵ ਕਪੂਰ ਦੀ ਭੈਣ ਰਿਤੂ ਨੰਦਾ ਦਾ ਅੱਜ ਸਵੇਰੇ ਦਿੱਲੀ 'ਚ ਦੇਹਾਂਤ ਹੋ ਗਿਆ। ਰਿਤੂ ਨੰਦਾ ਦਿੱਲੀ 'ਚ ਰਹਿ ਰਹੀ ਸੀ। ਰਿਤੂ ਲੰਮੇ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ ਤੇ ਉਨ੍ਹਾਂ ਦੀ ਉਮਰ 71 ਸਾਲ ਦੀ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦਿੱਲੀ 'ਚ ਕੀਤਾ ਗਿਆ।


ਰਣਧੀਰ ਕਪੂਰ ਨੇ ਦਿੱਲੀ ਤੋਂ ਏਬੀਪੀ ਨਿਊਜ਼ ਨਾਲ ਫੋਨ 'ਤੇ ਗੱਲ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ।

ਜ਼ਿਕਰਯੋਗ ਹੈ ਕਿ ਰਿਤੂ ਨੰਦਾ ਨੇ 1969 'ਚ ਉੱਘੀ ਸੁਰੱਖਿਆ ਏਜੰਸੀ ਏਸਕਾਟ ਗਰੁੱਪ ਦੇ ਮਾਲਿਕ ਰਾਜਨ ਨੰਦਾ ਨਾਲ ਵਿਆਹ ਕਰਵਾਇਆ ਸੀ। ਰਿਤੂ ਨੇ 80 ਦੇ ਦਸ਼ਕ 'ਚ ਭਾਰਤੀ ਜੀਵਨ ਨਿਗਮ ਦੀ ਏਜੰਟ ਦੇ ਤੌਰ 'ਤੇ ਵੀ ਕੰਮ ਕੀਤਾ ਤੇ ਉਹ ਇਸ ਨਾਲ ਲੰਮੇ ਸਮੇਂ ਤੱਕ ਜੁੜੀ ਰਹੀ। ਬਾਅਦ 'ਚ ਉਨ੍ਹਾਂ ਆਪਣੀ ਖੁਦ ਦੀ ਇੱਕ ਨਿੱਜੀ ਏਜੰਸੀ ਦੀ ਸ਼ੁਰੂਆਤ ਵੀ ਕੀਤੀ ਤੇ ਕਈ ਤਰ੍ਹਾਂ ਦੇ ਬਿਜਨੈਸ 'ਚ ਹੱਥ ਅਜ਼ਮਾਇਆ ਸੀ।

ਦਸ ਦਈਏ ਕਿ ਰਿਤੂ ਨੰਦਾ ਦੇ ਬੇਟੇ ਨਿਖਿਲ ਨੰਦਾ ਨੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨਾਲ 1997 'ਚ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਦੇ ਦੋ ਬੱਚੇ ਅਗਸਤ ਨੰਦਾ ਤੇ ਨਵਿਆ ਨਵੇਲੀ ਨੰਦਾ ਹਨ।