ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਕੇਸ 'ਚ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਬਿਹਾਰ ਤੇ ਮੁੰਬਈ ਦੋਵੇਂ ਸੂਬਿਆਂ ਦੀ ਪੁਲਿਸ ਆਪਣੇ ਪੱਧਰ 'ਤੇ ਇਸ ਦੀ ਜਾਂਚ ਕਰ ਰਹੀ ਹੈ। ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਦੋਂ ਤੋਂ ਐਫਆਈਆਰ ਦਰਜ ਹੋਣ ਦੀ ਖ਼ਬਰ ਮਿਲੀ ਹੈ, ਉਦੋਂ ਤੋਂ ਰਿਆ ਚੱਕਰਵਰਤੀ ਘਰ ਨਹੀਂ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਰਿਆ ਚੱਕਰਵਰਤੀ ਕਥਿਤ ਤੌਰ 'ਤੇ ਸ਼ਹਿਰ ਵਿੱਚ ਆਪਣੀ ਰਿਹਾਇਸ਼ ਤੋਂ ਲਾਪਤਾ ਹੈ। ਰਿਆ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਰਿਆ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਰਹੂਮ ਅਦਾਕਾਰ ਸੁਸ਼ਾਂਤ ਦੇ ਪਿਤਾ ਕ੍ਰਿਸ਼ਨ ਕੁਮਾਰ ਸਿੰਘ ਵੱਲੋਂ ਐਫਆਈਆਰ ਵਿੱਚ ਕੀਤੇ ਗਏ ਦਾਅਵਿਆਂ ਦੀ ਜਾਂਚ ਕਰਨ ਲਈ ਮੰਗਲਵਾਰ ਨੂੰ ਪਟਨਾ ਤੋਂ ਚਾਰ ਮੈਂਬਰੀ ਪੁਲਿਸ ਟੀਮ ਮੁੰਬਈ ਪਹੁੰਚੀ।
ਏਬੀਪੀ ਨਿਊਜ਼ ਦੇ ਪੱਤਰਕਾਰ ਪ੍ਰਕਾਸ਼ ਕੁਮਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਬਿਹਾਰ ਪੁਲਿਸ ਰਿਆ ਚੱਕਰਵਰਤੀ ਦੀ ਭਾਲ ਕਰ ਰਹੀ ਹੈ। ਬਿਹਾਰ ਪੁਲਿਸ ਦੇ ਸੂਤਰ ਦੱਸ ਰਹੇ ਹਨ ਕਿ ਰਿਆ ਦੇ ਜਿਸ ਫਲੈਟ ਦਾ ਪਤਾ ਪੁਲਿਸ ਕੋਲ ਹੈ, ਪੁਲਿਸ ਉਥੇ ਗਈ ਸੀ ਪਰ ਰਿਆ ਦਾ ਪਤਾ ਨਹੀਂ ਲੱਗ ਸਕਿਆ। ਹੁਣ ਪੁਲਿਸ ਹੋਰ ਥਾਵਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।