Robert Downey Jr Birthday: ਹਾਲੀਵੁੱਡ ਸਟਾਰ ਅਦਾਕਾਰ ਰੌਬਰਟ ਡਾਊਨੀ ਜੂਨੀਅਰ ਅੱਜ ਆਪਣਾ 58ਵਾਂ ਜਨਮਦਿਨ ਮਨਾ ਰਹੇ ਹਨ। ਹਰ ਕੋਈ ਰੌਬਰਟ ਡਾਉਨੀ ਜੂਨੀਅਰ ਨੂੰ ਜਾਣਦਾ ਹੈ, ਉਹ ਆਇਰਨ ਮੈਨ ਦੇ ਨਾਂ ਨਾਲ ਪੂਰੀ ਦੁਨੀਆ 'ਚ ਮਸ਼ਹੂਰ ਹਨ। ਇਹੀ ਨਹੀਂ ਭਾਰਤ 'ਚ ਵੀ ਰੌਬਰਟ ਡਾਊਨੀ ਜੂਨੀਅਰ ਦੀ ਕਾਫੀ ਜ਼ਿਆਦਾ ਦੀਵਾਨਗੀ ਹੈ। ਉਨ੍ਹਾਂ ਦੀ ਫਿਲਮ ਆਇਰਨ ਮੈਨ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇੰਨਾ ਹੀ ਨਹੀਂ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਰਾਬਰਟ ਡਾਊਨੀ ਸੱਚਮੁੱਚ ਆਇਰਨ ਮੈਨ ਹੈ। ਰਾਬਰਟ ਡਾਊਨੀ ਜੂਨੀਅਰ ਦੀ ਭਾਰਤ 'ਚ ਫੈਨ ਫਾਲੋਇੰਗ ਕਾਫੀ ਮਜ਼ਬੂਤ ਹੈ। ਦੇਸ਼ ਦਾ ਹਰ ਬੱਚਾ ਉਸ ਨੂੰ ਜਾਣਦਾ ਹੈ। ਰੌਬਰਟ ਡਾਊਨੀ ਨੇ ਸ਼ੁਰੂਆਤ 'ਚ ਕਾਫੀ ਸੰਘਰਸ਼ ਕੀਤਾ ਹੈ। ਰੌਬਰਟ ਡਾਉਨੀ ਨੇ ਅੱਜ ਜਿੱਥੇ ਉਹ ਹੈ, ਉਸ ਤੱਕ ਪਹੁੰਚਣ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਹੈ। ਅੱਜ ਅਸੀਂ ਤੁਹਾਨੂੰ ਰੌਬਰਟ ਡਾਊਨੀ ਦੀ ਜ਼ਿੰਦਗੀ ਨਾਲ ਜੁੜੀਆਂ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣ ਕੇ ਤੁਸੀਂ ਦੰਗ ਰਹਿ ਜਾਓਗੇ।
5 ਸਾਲ ਦੀ ਉਮਰ 'ਚ ਫਿਲਮੀ ਦੁਨੀਆ 'ਚ ਐਂਟਰੀ
ਮੀਡੀਆ ਰਿਪੋਰਟਾਂ ਮੁਤਾਬਕ ਰੌਬਰਟ ਡਾਊਨੀ ਜੂਨੀਅਰ ਨੇ ਸਿਰਫ 5 ਸਾਲ ਦੀ ਉਮਰ 'ਚ ਡੈਬਿਊ ਕੀਤਾ ਸੀ। ਉਹ ਪਹਿਲੀ ਫਿਲਮ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਨਜ਼ਰ ਆਏ ਸਨ। ਇਹ ਫ਼ਿਲਮ ਸਾਲ 1970 ਵਿੱਚ ਰਿਲੀਜ਼ ਹੋਈ ਫ਼ਿਲਮ ‘ਪਾਊਂਡ’ ਸੀ ਜਿਸ ਵਿੱਚ ਉਸ ਨੇ ‘ਪਪੀ’ ਦਾ ਕਿਰਦਾਰ ਨਿਭਾਇਆ ਸੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਰੌਬਰਟ ਡਾਉਨੀ ਇੱਕ ਸਿਖਲਾਈ ਪ੍ਰਾਪਤ ਮਾਰਸ਼ਲ ਕਲਾਕਾਰ ਹੈ। ਉਸਨੇ 20 ਸਾਲ ਦੀ ਉਮਰ ਵਿੱਚ ਇਹ ਸਿੱਖਿਆ। ਅੱਜ ਵੀ ਉਹ ਰੋਜ਼ਾਨਾ ਇਸ ਦਾ ਅਭਿਆਸ ਕਰਦਾ ਹੈ।
ਪਿਤਾ ਨੇ ਬਣਾਇਆ ਡਰੱਗ ਐਡਿਕਟ (ਨਸ਼ੇ ਦਾ ਆਦੀ)
ਰੌਬਰਟ ਡਾਊਨੀ ਜੂਨੀਅਰ ਦਾ ਸਫਲ ਕਰੀਅਰ ਸਿਰਫ ਨਸ਼ਿਆਂ ਨੇ ਬਰਬਾਦ ਕੀਤਾ ਸੀ। ਦਰਅਸਲ, 6 ਸਾਲ ਦੀ ਉਮਰ ਤੋਂ ਹੀ ਉਨ੍ਹਾਂ ਨੂੰ ਰੌਬਰਟ ਦੇ ਪਿਤਾ ਡਰੱਗਸ ਦੇ ਇੰਜੈਕਸ਼ਨ ਦਿੰਦੇ ਸੀ। ਪਿਤਾ ਨੇ ਹੀ ਰੌਬਰਟ ਡਾਊਨੀ ਜੂਨੀਅਰ ਨੂੰ ਡਰੱਗ ਐਡਿਕਟ ਬਣਾਇਆ ਸੀ। ਇਹੀ ਨਹੀਂ 1996 'ਚ ਜਦੋਂ ਰੌਬਰਟ ਫਿਲਮਾਂ 'ਚ ਸਫਲਤਾ ਦੀਆਂ ਉਚਾਈਆਂ ਛੂਹ ਰਹੇ ਸੀ ਤਾਂ ਉਨ੍ਹਾਂ ਨੂੰ ਨਸ਼ਿਆਂ ਦੀ ਆਦਤ ਕਰਕੇ ਜੇਲ੍ਹ ਜਾਣਾ ਪਿਆ। ਉਨ੍ਹਾਂ ਦੇ ਜੇਲ੍ਹ ਜਾਣ ਕਰਕੇ ਕਰੀਅਰ ਵੀ ਬਰਬਾਦ ਤੇ ਨਾਲ ਹੀ ਬਦਨਾਮੀ ਹੋਈ ਸੀ।
ਪਹਿਲੀ ਪਤਨੀ ਨੇ ਇਸ ਕਾਰਨ ਰਾਬਰਟ ਡਾਊਨੀ ਨੂੰ ਦਿੱਤਾ ਤਲਾਕ
ਰਾਬਰਟ ਡਾਊਨੀ ਜੂਨੀਅਰ ਦੀ ਡਰੱਗ ਲੈਣ ਦੀ ਬੁਰੀ ਆਦਤ ਨੇ ਉਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਰਿਪੋਰਟਾਂ ਮੁਤਾਬਕ ਰਾਬਰਟ ਡਾਊਨੀ ਜੂਨੀਅਰ ਦੀ ਪਹਿਲੀ ਪਤਨੀ ਡੇਬੋਰਾਹ ਫਾਕਨਰ ਨੇ ਇਸ ਕਾਰਨ ਉਨ੍ਹਾਂ ਨੂੰ ਤਲਾਕ ਦੇ ਦਿੱਤਾ ਸੀ। ਇਹ ਕਿਹਾ ਜਾਂਦਾ ਹੈ ਕਿ ਰੌਬਰਟ ਡਾਊਨੀ ਜੂਨੀਅਰ ਦਾ ਫਿਲਮ ਜਗਤ ਨਾਲ ਡੂੰਘਾ ਸਬੰਧ ਹੈ। ਰੌਬਰਟ ਡਾਉਨੀ ਜੂਨੀਅਰ ਦੇ ਪਿਤਾ ਰੌਬਰਟ ਡਾਊਨੀ ਸੀਨੀਅਰ ਫਿਲਮ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਮਾਂ ਵੀ ਮਸ਼ਹੂਰ ਅਦਾਕਾਰਾ ਸੀ। ਪਰ ਇਸ ਦੇ ਬਾਵਜੂਦ ਰੌਬਰਟ ਡਾਊਨੀ ਜੂਨੀਅਰ ਨੂੰ ਕਾਫੀ ਮਿਹਨਤ ਕਰਨੀ ਪਈ।
ਡਿਪਰੈਸ਼ਨ ਦਾ ਹੋਏ ਸੀ ਸ਼ਿਕਾਰ
ਸਭ ਕੁੱਝ ਬਰਬਾਦ ਹੋਣ ਤੋਂ ਬਾਅਦ ਰੌਬਰਟ ਡਾਊਨੀ ਜੂਨੀਅਰ 'ਤੇ ਅਜਿਹਾ ਦੌਰ ਵੀ ਆਇਆ, ਜਦੋਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸੀ। ਪਤਨੀ ਵੀ ਛੱਡ ਗਈ ਸੀ। ਅਜਿਹੇ 'ਚ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਫਿਰ ਤੋਂ ਹਾਲੀਵੁੱਡ 'ਚ ਕੰਮ ਤਲਾਸ਼ ਕਰਨ ਲੱਗ ਪਏ।
ਇੰਜ ਮਿਲਿਆ ਆਇਰਨ ਮੈਨ ਦਾ ਕਿਰਦਾਰ
ਰੌਬਰਟ ਡਾਊਨੀ ਜੂਨੀਅਰ ਭਾਵੇਂ ਹੁਣ ਡਰੱਗਸ ਛੱਡ ਚੁੱਕੇ ਸੀ, ਪਰ ਉਨ੍ਹਾਂ 'ਤੇ ਨਸ਼ੇੜੀ ਦਾ ਠੱਪਾ ਲੱਗ ਚੁੱਕਾ ਸੀ। ਇਸ ਦੇ ਨਾਲ ਨਾਲ ਉਹ ਜੇਲ੍ਹ ਵੀ ਜਾ ਕੇ ਆਏ ਸੀ। ਇਹ ਸਾਰੀਆਂ ਗੱਲਾਂ ਕਰਕੇ ਉਨ੍ਹਾਂ ਨੂੰ ਹਾਲੀਵੁੱਡ 'ਚ ਕੰਮ ਲੱਭਣ ਵਿੱਚ ਕਾਫੀ ਪਰੇਸ਼ਾਨੀ ਹੋਈ। ਕੋਈ ਵੀ ਫਿਲਮ ਮੇਕਰ ਉਨ੍ਹਾਂ ਨਾਲ ਕੰਮ ਕਰਨ ਲਈ ਤਿਆਰ ਨਹੀਂ ਸੀ। ਇਸ ਦੌਰਾਨ ਰੌਬਰਟ ਨੂੰ ਕਈ ਛੋਟੇ ਬੈਨਰ ਦੇ ਰੋਲ ਆਫਰ ਹੋਏ, ਪਰ ਉਨ੍ਹਾਂ ਨੇ ਕੰਮ ਤੋਂ ਇਨਕਾਰ ਨਹੀਂ ਕੀਤਾ। ਇਸ ਤਰ੍ਹਾਂ ਐਕਟਿੰਗ ਦੀ ਦੁਨੀਆ 'ਚ ਉਨ੍ਹਾਂ ਦੀ ਦੂਜੀ ਪਾਰੀ ਸ਼ੁਰੂ ਹੋਈ।
ਆਇਰਨ ਮੈਨ ਦੇ ਕਿਰਦਾਰ ਲਈ ਕਈ ਵਾਰ ਹੋਏ ਰਿਜੈਕਟ
ਇਸ ਦੌਰਾਨ 2005-06 ਦੇ ਸਮੇਂ ਦੌਰਾਨ ਮਾਰਵਲ ਸਟੂਡੀਓਜ਼ ਆਪਣੀ ਫਰੈਂਚਾਇਜ਼ੀ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਮਾਰਵਲ ਸਟੂਡੀਓਜ਼ ਦੀ ਪਹਿਲੀ ਫਿਲਮ ਸੀ ਆਇਰਨ ਮੈਨ। ਇਸ ਫਿਲਮ ਨੂੰ ਫੇਵਰੀਓ ਡਾਇਰੈਕਟ ਕਰਨ ਵਾਲੇ ਸੀ। ਇਸ ਦੌਰਾਨ ਰੌਬਰਟ ਡਾਊਨੀ ਜੂਨੀਅਰ ਵੀ ਔਡੀਸ਼ਨ ਦੇਣ ਲਈ ਪਹੁੰਚੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰੌਬਰਟ ਡਾਊਨੀ ਜੂਨੀਅਰ ਆਇਰਨ ਮੈਨ ਦੇ ਰੋਲ ਲਈ ਕਈ ਵਾਰ ਰਿਜੈਕਟ ਹੋਏ ਸੀ। ਪਰ ਡਾਇਰੈਕਟਰ ਨੂੰ ਯਕੀਨ ਸੀ ਕਿ ਰੌਬਰਟ ਹੀ ਆਇਰਨ ਮੈਨ ਦਾ ਕਿਰਦਾਰ ਸਹੀ ਤਰੀਕੇ ਨਾਲ ਨਿਭਾ ਸਕਦੇ ਹਨ। ਕਿਉਂਕਿ ਆਇਰਨ ਮੈਨ ਤੇ ਰੌਬਰਟ ਡਾਊਨੀ ਜੂਨੀਅਰ ਵਿਚਾਲੇ ਕਾਫੀ ਸਮਾਨਤਾਵਾਂ ਸਨ। ਇਸ ਤਰ੍ਹਾਂ ਰੌਬਰਟ ਨੂੰ ਆਇਰਨ ਮੈਨ ਫਿਲਮ ਮਿਲੀ। ਅੱਜ ਉਹ ਪੂਰੀ ਦੁਨੀਆ ਦੇ ਸਭ ਤੋਂ ਚਹੇਤੇ ਸੁਪਰਸਟਾਰ ਹਨ।
2400 ਕਰੋੜ ਜਾਇਦਾਦ ਦੇ ਮਾਲਕ
ਰੌਬਰਟ ਡਾਊਨੀ ਜੂਨੀਅਰ 300 ਮਿਲੀਅਨ ਡਾਲਰ ਯਾਨਿ 2400 ਕਰੋੜ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਨੂੰ ਮਾਰਵਲ ਸਟੂਡੀਓਜ਼ ਨੇ ਹੀ ਅਰਬਪਤੀ ਬਣਾਇਆ ਹੈ। ਇਸ ਦੇ ਨਾਲ ਨਾਲ ਸੋਸ਼ਲ ਮੀਡੀਆ ਤੋਂ ਵੀ ਐਕਟਰ ਕਾਫੀ ਮੋਟੀ ਕਮਾਈ ਕਰਦਾ ਹੈ।