ਚੰਡੀਗੜ੍ਹ: ਸਾਰਾ ਅਲੀ ਖ਼ਾਨ ਨੇ ਆਪਣੇ ਪਿਤਾ ਸੈਫ ਅਲੀ ਖ਼ਾਨ ਅੱਗੇ ਗੱਲ ਰੱਖੀ ਹੈ ਕਿ ਉਹ ਰਣਬੀਰ ਕਪੂਰ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਇਸ ਗੱਲ ਦਾ ਖ਼ੁਲਾਸਾ ਉਸ ਨੇ ਕਰਨ ਜੌਹਰ ਦੇ ਸ਼ੋਅ ‘ਕਾਫ਼ੀ ਵਿਦ ਕਰਨ’ ਵਿੱਚ ਕੀਤਾ। ਸੈਫ ਤੇ ਸਾਰਾ ਇਕੱਠੇ ਸ਼ੋਅ ਵਿੱਚ ਪੁੱਜੇ ਸਨ। ਜਲਦ ਹੀ ਸਾਰਾ ਬਾਲੀਵੁੱਡ ਵਿੱਚ ਦੋ ਫਿਲਮਾਂ ਨਾਲ ਦਸਤਕ ਦਏਗੀ।

ਸਟਾਰ ਵਰਲਡ ਵੱਲੋਂ ਜਾਰੀ ਕੀਤੀ ਵੀਡੀਓ ਵਿੱਚ ਸਾਰਾ ਅਲੀ ਖ਼ਾਨ ਨੇ ਕਿਹਾ ਕਿ ਉਹ ਰਣਬੀਰ ਕਪੂਰ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਹ ਕਾਰਤਿਕ ਆਰੀਅਨ ਨੂੰ ਡੇਟ ਵੀ ਕਰਨਾ ਚਾਹੁੰਦੀ ਹੈ। ਇਸ ਦੌਰਾਨ ਕਰਨ ਜੌਹਰ ਨੇ ਸੈਫ ਨੂੰ ਪੁੱਛਿਆ ਕਿ ਉਹ ਆਪਣੀ ਧੀ ਸਾਰਾ ਦੇ ਪ੍ਰੇਮੀ ਕੋਲੋਂ ਕਿਹੜੇ ਤਿੰਨ ਸਵਾਲ ਪੁੱਛਣਾ ਚਾਹੁਣਗੇ?



ਕਰਨ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਸੈਫ ਨੇ ਕਿਹਾ ਕਿ ਪਹਿਲਾਂ ਉਹ ਸਾਰਾ ਦੇ ਪ੍ਰੇਮੀ ਕੋਲੋਂ ਸਿਆਸੀ ਨਜ਼ਰੀਏ ਬਾਰੇ ਪੁੱਛੇਗਾ। ਦੂਜਾ ਸਵਾਲ ਨਸ਼ਿਆਂ ਨਾਲ ਸਬੰਧਤ ਹੋਏਗਾ ਤੇ ਤੀਜੇ ਸਵਾਲ ਵਿੱਚ ਉਹ ਪੈਸਿਆਂ ਬਾਰੇ ਗੱਲ ਕਰੇਗਾ। ਉਸ ਨੇ ਕਿਹਾ ਕਿ ਜੇ ਮੁੰਡੇ ਕੋਲ ਪੈਸੇ ਹੋਣਗੇ ਤਾਂ ਉਹ ਸਾਰਾ ਦਾ ਹੱਥ ਉਸ ਦੇ ਹੱਥ ਵਿੱਚ ਦੇ ਦਏਗਾ। ਸੈਫ ਦੇ ਇਸ ਜਵਾਬ ਤੋਂ ਸਾਰਾ ਹੱਸ ਪਈ। ਉਸ ਨੇ ਕਿਹਾ ਕਿ ਇਹ ਬਹੁਤ ਬੁਰਾ ਹੈ।