ਸਲਮਾਨ ਖ਼ਾਨ ਨੇ # BeingHaangrry ਦੇ ਨਾਲ ਕੀਤੀ ਗਰੀਬਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਦੀ ਨਵੀਂ ਸ਼ੁਰੂਆਤ
ਏਬੀਪੀ ਸਾਂਝਾ | 06 May 2020 08:37 PM (IST)
ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ' ਦੀ ਸ਼ੂਟਿੰਗ ਦੇ ਦੌਰਾਨ ਯੂਨਿਟ ਦੇ ਲੋਕਾਂ ਲਈ ਖਾਣਾ ਪਕਾਉਣ ਲਈ ਵਰਤੇ ਜਾਣ ਵਾਲੇ ਦੋ ਫੂਡ ਟਰੱਕਾਂ ਨੂੰ ਰਾਸ਼ਨ ਵੰਡਣ ਵਾਲੇ ਟਰੱਕਾਂ ਵਿੱਚ ਬਦਲ ਦਿੱਤਾ ਗਿਆ ਹੈ।
ਮੁੰਬਈ: ਲੌਕਡਾਊਨ (Lockdown) ਦੌਰਾਨ ਸਲਮਾਨ ਖ਼ਾਨ (Salman Khan) ਨੇ ਹਜ਼ਾਰਾਂ ਰੋਜ਼ਾਨਾ ਮਜ਼ਦੂਰਾਂ ਦੀ ਮਦਦ (Helping people) ਕੀਤੀ ਉਨ੍ਹਾਂ ਦੇ ਖਾਤੇ ‘ਚ ਕਰੋੜਾਂ ਰੁਪਏ ਟਰਾਂਸਫਰ ਕੀਤੇ। ਇੰਨਾ ਹੀ ਨਹੀਂ, ਹਾਲ ਹੀ ਵਿੱਚ ਸਲਮਾਨ ਨੇ ਆਪਣੇ ਕਰੀਬੀ ਦੋਸਤ ਅਤੇ ਕਾਂਗਰਸ ਪਾਰਟੀ ਦੇ ਨੇਤਾ ਬਾਬਾ ਸਿਦੀਕੀ ਦੇ ਜ਼ਰੀਏ ਵੀ ਗਰੀਬਾਂ ਨੂੰ ਟਰੱਕ ਵਿੱਚ ਰਾਸ਼ਨ ਭੇਜਿਆ ਸੀ। ਕੁਝ ਦਿਨ ਪਹਿਲਾਂ ਉਹ ਆਪਣੇ ਪਨਵੇਲ ਫਾਰਮ ਹਾਊਸ ਵਿੱਚ ਪਿੰਡ ਵਾਸੀਆਂ ਨੂੰ ਰਾਸ਼ਨ ਵੰਡਦੇ ਹੋਏ ਵੀ ਨਜ਼ਰ ਆਏ ਸੀ। ਹੁਣ ਸਲਮਾਨ ਖ਼ਾਨ ਨੇ ਆਪਣੀ ਚੈਰਿਟੀ ਸੰਸਥਾ ‘ਬੀਇੰਗ ਹਿਊਮਨ’ ਦੀ ਤਰਜ਼ ‘ਤੇ ‘ਬੀਇੰਗ ਹੰਗਰੀ’ ਨਾਂ ਦੀ ਇੱਕ ਨਵੀਂ ਪਹਿਲ ਕੀਤੀ। ਇਸ ਪਹਿਲ ਤਹਿਤ ਸਲਮਾਨ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਣ ਲਈ ਦੋ ਮਿੰਨੀ ਟਰੱਕਾਂ ਦੀ ਵਰਤੋਂ ਕਰ ਰਹੇ ਹਨ। ਦੱਸ ਦਈਏ ਕਿ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਰਾਧੇ’ ਦੀ ਸ਼ੂਟਿੰਗ ਦੌਰਾਨ ਯੂਨਿਟ ਦੇ ਲੋਕਾਂ ਲਈ ਖਾਣਾ ਪਕਾਉਣ ਲਈ ਵਰਤੇ ਜਾਣ ਵਾਲੇ ਖਾਣੇ ਵਾਲੇ ਟਰੱਕ ਨੂੰ ਰਾਸ਼ਨ ਟਰੱਕਾਂ 'ਚ ਤਬਦੀਲ ਕਰ ਦਿੱਤਾ ਗਿਆ ਹੈ, ਜੋ ਹੁਣ ਮੁੰਬਈ ਦੀਆਂ ਗਲੀਆਂ ਵਿਚ ਘੁੰਮਦੇ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਬਾਰੇ ਜਦੋਂ ਸਲਮਾਨ ਦੇ ਮੈਨੇਜਰ ਜੋਰਡੀ ਪਟੇਲ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਇਹ ਫੂਡ ਟਰੱਕ ਪਿਛਲੇ ਤਿੰਨ-ਚਾਰ ਦਿਨਾਂ ਤੋਂ ਰਾਸ਼ਨ ਦੀ ਵੰਡ ‘ਚ ਲੱਗੇ ਹੋਏ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਮੁੰਬਈ ਖਾਰ, ਸੈਂਟਾਕਰੂਜ਼, ਬਾਂਦਰਾ ਵਰਗੇ ਇਲਾਕਿਆਂ ‘ਚ ਰਾਸ਼ਨ ਵੰਡਿਆ ਹੈ। ਜੋਰਡੀ ਨੇ ਦੱਸਿਆ ਕਿ ਰਾਸ਼ਨ ਦੇ ਹਰੇਕ ਪੈਕੇਜ ਵਿੱਚ ਦਾਲ, ਚਾਵਲ, ਆਟਾ, ਨਮਕ ਵਰਗੀਆਂ ਮੁੱਢਲੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ ਅਤੇ ਹੁਣ ਤੱਕ ਲੋਕਾਂ ਵਿੱਚ 2500 ਤੋਂ 3000 ਪੈਕੇਟ ਵੰਡੇ ਜਾ ਚੁੱਕੇ ਹਨ।