Satinder Sartaaj French Song: ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਉਹ ਦਿੱਗਜ ਗਾਇਕ ਹਨ, ਜਿਨ੍ਹਾਂ ਦਾ ਨਾਮ ਦੇਸ਼ ਭਰ ਵਿੱਚ ਪੂਰੀ ਇੱਜ਼ਤ ਦੇ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੂੰ ਆਪਣੀ ਸੂਫੀ ਗਾਇਕੀ, ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ ਨਾਲ ਉਹ ਹਾਲ ਹੀ 'ਚ ਫਿਲਮ 'ਕਲੀ ਜੋਟਾ' 'ਚ ਐਕਟਿੰਗ ਕਰਦੇ ਵੀ ਨਜ਼ਰ ਆਏ ਸੀ।
ਹੁਣ ਸਰਤਾਜ ਆਪਣੀ ਗਾਇਕੀ ਨਾਲ ਨਵਾਂ ਤਜਰਬਾ ਕਰਨ ਜਾ ਰਹੇ ਹਨ। ਦੱਸ ਦਈਏ ਕਿ ਸਰਤਾਜ ਪਿਛਲੇ ਦਿਨੀਂ ਪੈਰਿਸ ਵਿੱਚ ਸਨ। ਉੱਥੇ ਉਨ੍ਹਾਂ ਨੇ ਆਪਣੇ ਨਵੇਂ ਗਾਣੇ 'ਪੈਰਿਸ ਦੀ ਜੁਗਨੀ' ਦੀ ਸ਼ੂਟਿੰਗ ਕੀਤੀ। ਇਸ ਗਾਣੇ ਦੀ ਖਾਸ ਗੱਲ ਇਹ ਹੈ ਕਿ ਸਰਤਾਜ ਨੇ ਆਪਣੇ ਪੰਜਾਬੀ ਗਾਣੇ 'ਚ ਪਹਿਲੀ ਵਾਰ ਫਰੈਂਚ ਭਾਸ਼ਾ 'ਚ ਗਾਇਆ ਹੈ। ਸਰਤਾਜ ਨੇ ਖੁਦ ਇਸ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੀ ਆਵਾਜ਼ 'ਚ ਫਰੈਂਚ ਭਾਸ਼ਾ ਵਿੱਚ ਇਸ ਗਾਣੇ ਦੀਆਂ ਕੁੱਝ ਲਾਈਨਾਂ ਸੁਣੀਆਂ ਜਾ ਸਕਦੀਆ ਹਨ। ਸਰਤਾਜ ਨੇ ਗਾਣੇ ਦਾ ਟੀਜ਼ਰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਦ ਫਰੈਂਚ ਕਨੈਕਸ਼ਨ ਆਫ ਪੰਜਾਬੀ। ਪੈਰਿਸ ਦੀ ਜੁਗਨੀ। ਮੈਂ ਪਹਿਲੀ ਵਾਰ ਪੰਜਾਬੀ ਗਾਣੇ 'ਚ ਫਰੈਂਚ ਭਾਸ਼ਾ ਵਿੱਚ ਕੁੱਝ ਲਾਈਨਾਂ ਗਾਈਆਂ ਹਨ।' ਦੱਸ ਦਈਏ ਕਿ ਇਹ ਗਾਣਾ 26 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗਾਣੇ ਦਾ ਐਲਾਨ ਕਰਦਿਆਂ ਸਰਤਾਜ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਦੇਖੋ ਗਾਣੇ ਦਾ ਟੀਜ਼ਰ:
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਡਾ. ਸਤਿੰਦਰ ਸਰਤਾਜ ਦੀ ਸ਼ਾਇਰੀ ਦੀ ਐਲਬਮ 'ਸ਼ਾਇਰਾਨਾ ਸਰਤਾਜ' ਰਿਲੀਜ਼ ਹੋਈ ਸੀ। ਉਨ੍ਹਾਂ ਦੀ ਇਸ ਐਲਬਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ। ਸਰਤਾਜ ਨੇ ਖੁਦ ਵੀ ਦੱਸਿਆ ਸੀ ਕਿ ਉਨ੍ਹਾਂ ਨੇ ਇਸ ਐਲਬਮ 'ਤੇ ਲੰਬੇ ਸਮੇਂ ਤੱਕ ਕਾਫੀ ਮੇਹਨਤ ਕੀਤੀ ਹੈ। ਇਹ ਉਨ੍ਹਾਂ ਦਾ ਡਰੀਮ ਪ੍ਰੋਜੈਕਟ ਹੈ। ਇਸ ਦੇ ਨਾਲ ਨਾਲ ਸਰਤਾਜ ਨੀਰੂ ਬਾਜਵਾ ਦੇ ਨਾਲ 'ਕਲੀ ਜੋਟਾ' 'ਚ ਨਜ਼ਰ ਆਏ ਸੀ। ਫਿਲਮ 'ਚ ਸਰਤਾਜ ਨੇ ਦੀਦਾਰ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ।