Punjab News: ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਅਹੁਦਾ ਸੰਭਾਲਣ ਮਗਰੋਂ ਦਿੱਤੇ ਬਿਆਨ ’ਤੇ ਇਤਰਾਜ਼ ਜਤਾਇਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ, 'ਦਿੱਲੀ ਨਾਲ ਤਾਂ ਸਾਡੀ ਯਾਰੀ ਹੈ' 'ਤੇ ਬਲਵੰਤ ਸਿੰਘ ਰਾਜੋਆਣਾ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ।  


ਕਮਲਦੀਪ ਕੌਰ ਰਾਜੋਆਣਾ ਨੇ ਇਹ ਇਤਰਾਜ਼ ਆਪਣੇ ਭਰਾ ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਦੇ ਨਾਲ ਆਪਣੀ ਫੇਸਬੁੱਕ ਪੋਸਟ 'ਤੇ ਸਾਂਝਾ ਕੀਤਾ ਹੈ। ਬਲਵੰਤ ਸਿੰਘ ਰਾਜੋਆਣਾ ਨੇ ਇਸ ਪੋਸਟ ਵਿੱਚ ਕਿਹਾ- ਖਾਲਸਾ ਜੀ, ਸਾਡਾ ਜੀਵਨ ਸਾਡੇ ਗੁਰੂ ਸਾਹਿਬਾਨ ਜੀ ਦੇ ਤਖ਼ਤ ਸਾਹਿਬਾਨਾਂ ਨੂੰ ਸਮਰਪਿਤ ਹੈ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਰੋਸਾਏ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਟੈਕਾਂ ਅਤੇ ਤੋਪਾਂ ਨਾਲ ਢਾਹੁਣ, ਪੰਜਾਬ ਅਤੇ ਦਿੱਲੀ ਦੀਆਂ ਗਲੀਆਂ ਵਿੱਚ  ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਦੇ ਵਿਰੁੱਧ ਸਾਡੇ ਭਰਾ ਘਰਾਂ ਤੋਂ ਗਏ, ਅੱਜ ਤੱਕ ਵਾਪਸ ਨਹੀਂ ਆਏ। 



ਉਨ੍ਹਾਂ ਕਿਹਾ, ਅੱਜ ਜਦੋਂ ਉਸੇ ਤਖ਼ਤ ਦੇ ਸਿੰਘ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਬੈਠ ਕੇ ਠਹਾਕੇ ਮਾਰ ਕੇ ਹੱਸਦੇ ਹੋਏ ਕਹਿੰਦੇ ਹਨ " ਸਾਡੀ ਦਿੱਲੀ ਨਾਲ ਯਾਰੀ ਹੈ, ਹੈਗੀ ਤਾਂ ਹੈਗੀ ਹੈ, । ਤਾਂ ਅਸੀਂ ਇੱਥੇ ਇਹ ਕਹਿਣਾ ਚਾਹੁੰਦੇ ਹਾਂ, ਸਿੰਘ ਸਾਹਿਬਾਨ ਜੀ, ਤੁਹਾਡੀ ਦਿੱਲੀ ਨਾਲ ਯਾਰੀ ਨੂੰ ਅਸੀਂ ਪੰਥਕ ਹਿੱਤਾਂ ਦੀ ਪਹਿਰੇਦਾਰ, ਤਾਂ ਮੰਨਦੇ ਹਾਂ ਜੇਕਰ ਤੁਸੀਂ 2019 ਵਿੱਚ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ  550ਵਾਂ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਵਾਇਆ ਹੁੰਦਾ ਅਤੇ 1984 ਦਾ ਇਨਸਾਫ਼ ਲਿਆ ਹੁੰਦਾ। ਜੇਕਰ ਤੁਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਸਾਲਾਂ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਵੱਲੋਂ ਦਿੱਲੀ ਲਾਲ ਕਿਲੇ ਤੇ ਕਰਵਾਏ ਗਏ ਸਮਾਗਮ ਵਿੱਚ ਸ਼ਾਮਲ ਹੋ ਕੇ ਉੱਥੇ ਕੌਮੀ ਇਨਸਾਫ਼ ਅਤੇ ਕੌਮੀ ਹਿੱਤਾਂ ਦੀ ਗੱਲ ਕਰਦੇ। ਤੁਸੀਂ ਉਸ ਧਾਰਮਿਕ ਸਮਾਗਮ ਦਾ ਬਾਈਕਾਟ ਕਰਕੇ ਅਤੇ ਰਾਘਵ ਚੱਢੇ ਦੀ ਮੰਗਣੀ ਵਿੱਚ ਸ਼ਾਮਿਲ ਹੋ ਕੇ ਕਿਹੜੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰ ਰਹੇ ਸੀ, ਸਾਨੂੰ ਸਮਝ ਨਹੀਂ ਆਉਂਦੀ।  


ਸਿੰਘ ਸਾਹਿਬ ਜੀ, ਤੁਹਾਡੀ ਪੰਥਕ ਪਹਿਰੇਦਾਰੀ ਤੇ ਉਸ ਸਮੇਂ ਪ੍ਰਸ਼ਨਚਿੰਨ ਲੱਗ ਜਾਂਦਾ ਹੈ ਜਦੋਂ ਤੁਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕਰਨ ਵਾਲੀ ,ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਦੇ ਪਤਿਤ ਮੁੱਖ ਮੰਤਰੀ ਦੇ ਮੁੰਡੇ ਦੇ ਵਿਆਹ ਵਿੱਚ ਸ਼ਾਮਿਲ ਹੋ ਕੇ ਆਪ ਅਰਦਾਸ ਕਰਕੇ ਪੰਥਕ ਹਿੱਤਾਂ ਨਾਲ ਧਰੋਹ ਕਮਾਉਂਦੇ ਹੋ। ਤੁਹਾਡੇ ਪਹਿਰੇਦਾਰੀ ਤੇ ਉਦੋਂ ਵੀ ਪ੍ਰਸ਼ਨਚਿੰਨ ਲੱਗ ਜਾਂਦਾ ਹੈ, ਜਦੋਂ ਤੁਸੀਂ ਡੇਰਾਮੁਖੀ ਨੂੰ ਵਾਰ-ਵਾਰ ਮਿਲਦੀ ਪੈਰੋਲ ਨੂੰ ਵੀ ਰੋਕ ਨਹੀਂ ਪਾਉਂਦੇ, ਜਿਸ ਦੇ ਖਿਲਾਫ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਹੀ ਹੁਕਮਨਾਮਾ ਜਾਰੀ ਹੋਇਆ ਹੈ। 


ਸਿੰਘ ਸਾਹਿਬ ਜੀ, ਤੁਸੀਂ 6 ਜੂਨ ਨੂੰ ਹੀ ਆਪਣੇ ਸ਼ੰਦੇਸ ਵਿੱਚ  ਕਿਹਾ ਸੀ ਕਿ ਸਾਨੂੰ ਝੋਲੀ ਅੱਡ ਕੇ ਇਨਸਾਫ਼ ਮੰਗਣ ਦੀ ਜਰੂਰਤ ਨਹੀਂ ਹੈ ਕਿਉਂਕਿ ਇਨ੍ਹਾਂ ਹੁਕਮਰਾਨਾਂ ਨੇ ਇਨਸਾਫ਼ ਨਹੀਂ ਕਰਨਾ। ਹੁਣ ਜਿਹੜੇ ਦਿੱਲੀ ਦੇ ਹੁਕਮਰਾਨਾਂ ਨੇ ਕੌਮ ਨੂੰ ਇਨਸਾਫ ਦੇਣਾ ਹੀ ਨਹੀਂ ਤਾਂ ਤੁਹਾਡੀ ਉਨ੍ਹਾਂ ਨਾਲ ਯਾਰੀ,ਸਾਨੂੰ ਪੰਥਕ ਹਿੱਤਾਂ ਦੀ ਪਹਿਰੇਦਾਰੀ ਨਹੀਂ, ਸਗੋਂ ਤੁਹਾਡੀ ਇਹ ਯਾਰੀ ਸਾਨੂੰ ਖਾਲਸਾ ਪੰਥ ਨਾਲ ਗੱਦਾਰੀ ਲੱਗਦੀ ਹੈ। 


ਜਦੋਂ ਅਸੀਂ ਕੌਮੀ ਦਰਦ ਅਤੇ ਕੌਮੀ ਜ਼ਜਬਾਤਾਂ ਤੋਂ ਸੱਖਣੇ ਲੋਕਾਂ ਨੂੰ, ਕੌਮ ਤੇ ਹੋਏ ਭਿਆਨਕ ਜ਼ੁਲਮ ਨੂੰ ਭੁੱਲ ਕੇ,ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਬੈਠ ਕੇ ਹਾਸਾ ਠੱਠਾ ਕਰਦੇ ਦੇਖਦੇ ਹਾਂ ਤਾਂ ਸਾਡੇ ਮਨ ਨੂੰ ਠੇਸ ਪਹੁੰਚਦੀ ਹੈ। ਸਾਨੂੰ ਆਪਣੇ ਭਰਾਵਾਂ ਦੀਆਂ ਸ਼ਹਾਦਤਾਂ ਯਾਦ ਆਉਂਦੀਆਂ ਹਨ।