ਮੁੰਬਈ: ਅਦਾਕਾਰ ਰਾਜਕੁਮਾਰ ਰਾਓ ਦੇ ਫੈਨਜ਼ ਲਈ ਇੱਕ ਹੋਰ ਖੁਸ਼ਖਬਰੀ ਹੈ। ਰਾਜਕੁਮਾਰ ਰਾਓ 2021 'ਚ ਅਦਾਕਾਰਾ ਭੂਮੀ ਪੇਡਨੇਕਰ ਨਾਲ ਫਿਲਮ 'ਬਧਾਈ ਦੋ' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਰਾਜਕੁਮਾਰ ਰਾਓ ਤੇ ਭੂਮੀ ਪੇਡਨੇਕਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਸ ਦੀ ਆਫੀਸ਼ੀਅਲ ਅਨਾਊਸਮੈਂਟ ਕੀਤੀ ਹੈ।


'ਬਧਾਈ ਦੋ' ਆਯੁਸ਼ਮਾਨ ਖੁਰਾਣਾ ਦੀ ਸੁਪਰਹਿੱਟ ਫਿਲਮ 'ਬਧਾਈ ਹੋ' ਦਾ ਸੀਕੁਅਲ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫਿਲਮ ਦੀ ਸ਼ੂਟਿੰਗ 2021 ਦੇ ਸ਼ੁਰੂਆਤੀ ਮਹੀਨੇ ਤੋਂ ਸ਼ੁਰੂ ਹੋ ਰਹੀ ਹੈ। ਇਹ ਹੀ ਨਹੀਂ ਰਾਜਕੁਮਾਰ ਰਾਓ ਬਾਲੀਵੁੱਡ ਦੀ ਮਸ਼ਹੂਰ ਫਿਲਮ 'ਚੁਪਕੇ ਚੁਪਕੇ' ਦੇ ਰੀਮੇਕ 'ਚ ਵੀ ਨਜ਼ਰ ਆਉਣਗੇ।


ਰਿਪੋਰਟਾਂ ਅਨੁਸਾਰ ‘ਬਧਾਈ ਦੋ’ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਰਾਜਕੁਮਾਰ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। 1975 ਦੀ ਕਾਮੇਡੀ ਫਿਲਮ 'ਚੁਪਕੇ ਚੁਪਕੇ' ਬਾਲੀਵੁੱਡ ਦੀ ਐਪਿਕ ਫਿਲਮਾਂ 'ਚੋਂ ਇੱਕ ਹੈ। ਇਸ ਫਿਲਮ 'ਚ ਧਰਮਿੰਦਰ ਨੇ ਪ੍ਰੋਫੈਸਰ ਪਰਿਮਲ ਦੀ ਭੂਮਿਕਾ ਨਿਭਾਈ ਸੀ ਤੇ ਅਮਿਤਾਭ ਬੱਚਨ ਨੇ ਅੰਗਰੇਜ਼ੀ ਪ੍ਰੋਫੈਸਰ 'ਸੁਕੁਮਾਰ ਸਿਨ੍ਹਾ' ਦਾ ਕਿਰਦਾਰ ਨਿਭਾਇਆ ਸੀ। ਰਾਜਕੁਮਾਰ ਰਾਓ 'ਚੁਪਕੇ ਚੁਪਕੇ' ਦੇ ਸੀਕੁਅਲ 'ਚ ਧਰਮਿੰਦਰ ਦੇ ਪ੍ਰੋਫੈਸਰ ਵਾਲੇ ਕਿਰਦਾਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।




ਫਿਲਹਾਲ ਅਮਿਤਾਭ ਦੇ ਅੰਗਰੇਜ਼ੀ ਦੇ ਪ੍ਰੋਫੈਸਰ 'ਸੁਕੁਮਾਰ ਸਿਨ੍ਹਾ' ਦੀ ਭੂਮਿਕਾ ਲਈ ਅਦਾਕਾਰ ਦੀ ਭਾਲ ਜਾਰੀ ਹੈ। ਉੱਥੇ ਹੀ ਰਾਜਕੁਮਾਰ ਰਾਓ ਅਭਿਸ਼ੇਕ ਜੈਨ ਦੀ ਇੱਕ ਫਿਲਮ ਦੀ ਸ਼ੂਟਿੰਗ ਅਭਿਨੇਤਰੀ ਕ੍ਰਿਤੀ ਸਨਨ ਨਾਲ ਚੰਡੀਗੜ੍ਹ ਵਿੱਚ ਕਰ ਰਹੇ ਹਨ। ਇਸ ਫਿਲਮ ਵਿੱਚ ਰਾਜਕੁਮਾਰ ਤੇ ਕ੍ਰਿਤੀ ਉਨ੍ਹਾਂ ਅਨਾਥ ਬੱਚਿਆਂ ਦੀ ਭੂਮਿਕਾ ਵਿੱਚ ਹਨ ਜੋ ਆਪਣੇ ਲਈ ਮਾਪਿਆਂ ਨੂੰ ਅਡੋਪ ਕਰਨਾ ਚਾਹੁੰਦੇ ਹਨ। ਰਾਜਕੁਮਾਰ ਤੇ ਕ੍ਰਿਤੀ ਦੇ ਨਾਲ ਪਰੇਸ਼ ਰਾਵਲ ਤੇ ਡਿੰਪਲ ਕਪਾਡੀਆ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।