Sidhu Moose Wala First Death Anniversary: ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਈ ਜਾਣੀ ਹੈ। ਇਸ ਮੌਕੇ ਸਿੱਧੂ ਦੀ ਮਾਂ ਚਰਨ ਕੌਰ ਦੀ ਇੱਕ ਸੋਸ਼ਲ ਮੀਡੀਆ ਪੋਸਟ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਚਰਨ ਕੌਰ ਨੇ ਆਪਣੇ ਮਰਹੂਮ ਪੁੱਤਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਉਨ੍ਹਾਂ ਨੇ ਇੱਕ ਬੇਹੱਦ ਭਾਵੁਕ ਕਰਨ ਵਾਲਾ ਸੰਦੇਸ਼ ਲਿਿਖਿਆ ਹੈ। ਇਸ ਸੰਦੇਸ਼ ਨੂੰ ਪੜ੍ਹ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਹਨ।
ਚਰਨ ਕੌਰ ਨੇ ਮੂਸੇਵਾਲਾ ਦੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਸ਼ੁੱਭ ਪੁੱਤ ਕਿੱਥੇ ਮੈਂ ਤੇਰੇ ਵਿਆਹ ਦਾ ਸਹਿਜਪਾਠ ਸਾਹਿਬ ਬੜੇ ਚਾਅ ਨਾਲ ਕਰਾਉਣਾ ਸੀ ਬੱਚੇ ਪਰ ਅਫਸੋਸ ਸਾਨੂੰ ਤੇਰੀ ਵਿਦਾਇਗੀ ਦਾ ਕਰਾਉਣ ਪੈ ਰਿਹੈ ਪੁੱਤ, ਪਰ ਬੱਚੇ ਮੈਨੂੰ ਤੇਰੇ ਤੇ ਮਾਣ ਐ ਤੁਸੀ ਐਨੀ ਦੁਨੀਆ ਦਾ ਪਿਆਰ ਸਾਡੀ ਝੋਲੀ ਪਾਕੇ ਗਏ ਹੋ। ਕਮੀ ਤਾਂ ਤੁਸੀ ਕੋਈ ਨੀ ਛੱਡੀ ਪਰ ਤੇਰੀ ਘਾਟ ਸਾਡੇ ਹਰ ਪਲ ਹਰ ਸਾਹ ਨਾਲ ਰੜਕਦੀਐ ਸਾਨੂੰ ਤੇਰੇ ਬਿਨਾ ਜੀਣਾ ਪੈ ਰਿਹੈ'।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰਿਪੋਰਟਾਂ ਦੇ ਅਨੁਸਾਰ 2-3 ਮਹੀਨੇ 'ਚ ਮੂਸੇਵਾਲਾ ਦਾ ਵਿਆਹ ਹੋਣ ਵਾਲਾ ਸੀ, ਪਰ ਇਸ ਤੋਂ ਪਹਿਲਾਂ ਹੀ ਉਸ ਦਾ ਕਤਲ ਹੋ ਗਿਆ। ਉਸ ਦੀ ਮੌਤ ਤੋਂ ਬਾਅਦ ਹੀ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਇਨਸਾਫ ਦੀ ਮੰਗ ਕਰ ਰਹੇ ਹਨ।
ਹਾਲ ਹੀ 'ਚ ਬਲਕੌਰ ਸਿੰਘ ਤੇ ਚਰਨ ਕੌਰ ਨੇ ਵਿਧਾਨ ਸਭਾ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ ਸੀ। ਇਸ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਨੂੰ ਜਾਣ ਬੁੱਝ ਕੇ ਦਬਾਇਆ ਜਾ ਰਿਹਾ ਹੈ।