ਮੁੰਬਈ: ਗਾਇਕ ਸੋਨੂੰ ਨਿਗਮ ਨੇ ਮਿਊਜ਼ਿਕ ਇੰਡਸਟਰੀ ਵਿੱਚ ਕੰਮ ਦੇ ਤੌਰ ਤਰੀਕਿਆਂ ਬਾਰੇ ਸਵਾਲ ਖੜ੍ਹੇ ਕਰਦਿਆਂ ਵਿਵਾਦਤ ਬਿਆਨ ਦਿੱਤਾ ਹੈ। ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਸੋਨੂੰ ਨਿਗਮ ਨੇ ਕਿਹਾ ਕਿ ਗਾਣਾ ਗਾਉਣ ਲਈ ਮਿਊਜ਼ਿਕ ਕੰਪਨੀਆਂ ਨੂੰ ਪੈਸੇ ਦੇਣੇ ਪੈਂਦੇ ਹਨ, ਜਦਕਿ ਦੂਜੇ ਦੇਸ਼ਾਂ ਵਿੱਚ ਅਜਿਹਾ ਨਹੀਂ। ਉਸ ਨੇ ਕਿਹਾ ਕਿ ਜੇ ਮੈਂ ਪਾਕਿਸਤਾਨ ਵਿੱਚ ਪੈਦਾ ਹੋਇਆ ਹੁੰਦਾ ਤਾਂ ਉੱਥੇ ਕੰਮ ਦੇ ਕਈ ਆਫਰ ਮਿਲ ਰਹੇ ਹੁੰਦੇ। ਉਸ ਦੇ ਇਸ ਬਿਆਨ ਬਾਅਦ ਸੋਸ਼ਲ ਮੀਡੀਆ ’ਤੇ ਲੋਕ ਉਸ ਦੀ ਖਿਚਾਈ ਕਰ ਰਹੇ ਹਨ। ਕੁਝ ਲੋਕਾਂ ਨੇ ਤਾਂ ਉਸ ਨੂੰ ਦੇਸ਼ ਛੱਡਣ ਦੀ ਸਲਾਹ ਦੇ ਦਿੱਤੀ ਹੈ।
ਸੋਨੂੰ ਨੇ ਕਿਹਾ ਕਿ ਕਦੀ-ਕਦੀ ਉਸ ਨੂੰ ਲੱਗਦਾ ਹੈ ਕਿ ਜੇ ਉਹ ਪਾਕਿਸਤਾਨ ਵਿੱਚ ਪੈਦਾ ਹੋਇਆ ਹੁੰਦਾ ਤਾਂ ਭਾਰਤ ਨਾਲੋਂ ਵਧੀਆ ਕੰਮ ਮਿਲ ਰਿਹਾ ਹੁੰਦਾ ਕਿਉਂਕਿ ਫਿਲਹਾਲ ਭਾਰਤੀ ਗਾਇਕ ਮਿਊਜ਼ਿਕ ਕੰਪਨੀਆਂ ਨੂੰ ਸ਼ੋਅ ਲਈ ਪੈਸੇ ਦੇ ਰਹੇ ਹਨ। ਜੇ ਪੈਸੇ ਨਾ ਦਿੱਤੇ ਜਾਣ ਤਾਂ ਗਾਇਕ ਦਾ ਗੀਤ ਨਹੀਂ ਚੱਲਦਾ ਤੇ ਨਾ ਹੀ ਗੀਤ ਮਿਲਦਾ ਹੈ। ਉਸ ਦੇ ਇਸ ਬਿਆਨ ਤੋਂ ਸੋਸ਼ਲ ਮੀਡੀਆ 'ਤੇ ਲੋਕ ਕਾਫੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।
ਸੋਨੂੰ ਨੇ ਪਾਕਿਸਤਾਨੀ ਗਾਇਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਤਿਫ ਅਸਲਮ ਉਸ ਦੇ ਛੋਟੇ ਭਰਾ ਵਰਗਾ ਹੈ। ਬਹੁਤ ਵਧੀਆ ਗਾਉਂਦਾ ਹੈ ਪਰ ਉਸ ਨੂੰ ਪੈਸੇ ਨਹੀਂ ਦੇਣੇ ਪੈਂਦੇ। ਇਵੇਂ ਹੀ ਰਾਹਤ ਅਲੀ ਨੂੰ ਵੀ ਕੋਈ ਪੈਸੇ ਦੇਣ ਲਈ ਨਹੀਂ ਕਹਿੰਦਾ ਪਰ ਸਿਰਫ ਭਾਰਤੀ ਗਾਇਕਾਂ ਨੂੰ ਹੀ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ। ਉਸ ਨੇ ਅਜਿਹੇ ਲੋਕਾਂ ਦੇ ਨਾਂ ਗਿਣਵਾਉਣ ਦਾ ਵੀ ਦਾਅਵਾ ਕੀਤਾ। ਉਸ ਨੇ ਦੱਸਿਆ ਕਿ ਮਿਊਜ਼ਿਕ ਕੰਪਨੀਆਂ ਨੇ ਲੀਗਲ ਕਾਨਟ੍ਰੈਕਟ ਕੀਤੇ ਹੋਏ ਹਨ। ਇਸੇ ਵਜ੍ਹਾ ਕਰਕੇ ਉਸ ਨੂੰ ਲੱਗਦਾ ਹੈ ਕਿ ਕਾਸ਼ ਉਹ ਪਾਕਿਸਤਾਨ ਵਿੱਚ ਪੈਦਾ ਹੋਇਆ ਹੁੰਦਾ।