ਮੁੰਬਈ: ਪੰਜਾਬ ਦੇ ਜ਼ਿਲ੍ਹਾ ਮੋਗਾ ਤੋਂ ਬਾਲੀਵੁੱਡ ਅਦਾਕਾਰਾ ਸੋਨੂੰ ਸੂਦ ਨੇ BMC ਦੇ ਨੋਟਿਸ ਨੂੰ ਚੁਣੌਤੀ ਦਿੱਤੀ ਹੈ। ਸੋਨੂੰ ਨੂੰ BMC ਵੱਲੋਂ  ਜੁਹੂ 'ਚ ਘਰ ਅੰਦਰ ਕਥਿਤ ਤੌਰ ’ਤੇ ਗੈਰਕਨੂੰਨੀ ਉਸਾਰੀ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਅਦਾਕਾਰ ਨੇ ਹੁਣ ਬੰਬੇ ਹਾਈਕੋਰਟ 'ਚ ਅਰਜ਼ੀ ਦਾਇਰ ਕਰਕੇ BMC ਦੇ ਇਸ ਨੋਟਿਸ ਨੂੰ ਚੁਣੌਤੀ ਦਿੱਤੀ ਹੈ। ਇਸ ਮਾਮਲੇ ਤੇ ਹੁਣ ਅਗਲੀ ਸੁਣਵਾਈ ਕੱਲ੍ਹ ਨੂੰ ਹੋਵੇਗੀ।


BMC ਨੇ ਉਨ੍ਹਾਂ ਖਿਲਾਫ 6 ਮੰਜ਼ਲਾ ਰਿਹਾਇਸ਼ੀ ਇਮਾਰਤ ਨੂੰ ਹੋਟਲ ਵਿੱਚ ਤਬਦੀਲ ਕਰਨ ਦੇ ਦੋਸ਼ਾਂ ਹੇਠ ਪੁਲਿਸ ਕੋਲ ਸ਼ਿਕਾਇਤ ਦਰਜ ਵੀ ਕਰਵਾਈ ਹੈ। ਬੀਐਮਸੀ ਦਾ ਕਹਿਣਾ ਹੈ ਕਿ ਐਕਟਰ ਨੇ ਇਹ ਸਭ ਬਗੈਰ ਕਿਸੇ ਦੀ ਪ੍ਰਮਿਸ਼ਨ ਦੇ ਕੀਤਾ। ਬੀਐਮਸੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸੋਨੂੰ ਸੂਦ ਖ਼ਿਲਾਫ਼ ਮਹਾਰਾਸ਼ਟਰ ਰੀਜ਼ਨ ਐਂਡ ਟਾਊਨ ਪਲਾਨਿੰਗ ਐਕਟ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬੀਐਮਸੀ ਨੇ ਸੋਨੂੰ ਸੂਦ 'ਤੇ ਇਮਾਰਤ ਦੇ ਹਿੱਸੇ ਨੂੰ ਵਧਾਉਣ, ਬਦਲਣ ਤੇ ਵਰਤੋਂ ਦਾ ਦੋਸ਼ ਲਾਇਆ ਹੈ।

ਉਧਰ ਸੋਨੂੰ ਸੂਦ ਨੇ ਵੀ ਇਸ ਮਾਮਲੇ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਸੀ ਕਿ ਉਸ ਨੇ ਤਬਦੀਲੀ ਲਈ ਬੀਐਮਸੀ ਤੋਂ ਪਹਿਲਾਂ ਹੀ ਇਜਾਜ਼ਤ ਲੈ ਲਈ ਸੀ। ਹੁਣ ਮਹਾਰਾਸ਼ਟਰ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਟੀ ਤੋਂ ਪ੍ਰਵਾਨਗੀ ਦੀ ਉਡੀਕ ਸੀ।ਬੀਐਮਸੀ ਵੱਲੋਂ 4 ਜਨਵਰੀ ਨੂੰ ਜੁਹੂ ਥਾਣੇ ਵਿਚ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸੋਨੂੰ ਸੂਦ ਨੇ ਏਬੀ ਨਾਇਰ ਰੋਡ ‘ਤੇ ਸ਼ਕਤੀ ਸਾਗਰ ਇਮਾਰਤ ਨੂੰ ਬਗੈਰ ਇਜਾਜ਼ਤ ਦੇ ਇੱਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਹੈ।

ਇੰਨਾ ਹੀ ਨਹੀਂ, ਬੀਐਮਸੀ ਨੇ ਸੋਨੂੰ ਸੂਦ 'ਤੇ ਨੋਟਿਸ ਨੂੰ ਨਜ਼ਰ ਅੰਦਾਜ਼ ਕਰਨ ਦਾ ਵੀ ਦੋਸ਼ ਲਾਇਆ। ਸਿਵਿਕ ਅਥਾਰਟੀ ਨੇ ਕਿਹਾ ਕਿ ਨੋਟਿਸ ਮਿਲਣ ਤੋਂ ਬਾਅਦ ਵੀ ਉਹ ਅਣਅਧਿਕਾਰਤ ਉਸਾਰੀ ਕਰਦੇ ਰਹੇ। ਬੀਐਮਸੀ ਨੇ ਕਿਹਾ ਕਿ ਮੁਲਜ਼ਮ ਨੇ ਮਹਾਰਾਸ਼ਟਰ ਖੇਤਰ ਅਤੇ ਟਾਊਨ ਪਲਾਨਿੰਗ ਐਕਟ ਦੀ ਧਾਰਾ 7 ਦੇ ਤਹਿਤ ਜ਼ੁਰਮ ਕੀਤਾ ਹੈ। ਅਸੀਂ ਇਸ ਕੇਸ ਦਾ ਨੋਟਿਸ ਲੈਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ।