ਮੁੰਬਈ: ਸਾਲ 2001 ‘ਚ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਸੁਪਰਹਿੱਟ ਫ਼ਿਲਮ ‘ਗਦਰ’ ਆਈ ਸੀ। ਉਸ ਦੇ ਡਾਇਲੌਗ ਅੱਜ ਵੀ ਲੋਕਾਂ ਨੂੰ ਯਾਦ ਹਨ ਤੇ ਫ਼ਿਲਮ ਦੇ ਸੀਕੂਅਲ ਦੀ ਉਡੀਕ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਹੁਣ ਇੱਕ ਵਾਰ ਫੇਰ ਚਰਚਾ ਹੋ ਰਹੀ ਹੈ ਕਿ ਇਸ ਫ਼ਿਲਮ ਦਾ ਸੀਕੂਅਲ ਬਣਨ ਵਾਲਾ ਹੈ। ਇਸ ‘ਚ ਸੰਨੀ ਦਿਓਲ ਨਾਲ ਅਮੀਸ਼ਾ ਪਟੇਲ ਨਜ਼ਰ ਆਈ ਸੀ। ਸੰਨੀ ਇਸ ਵੇਲੇ ਗੁਰਦਾਸਪੁਰ ਸੀਟ ਤੋਂ ਬੀਜੇਪੀ ਦੀ ਟਿਕਟ 'ਤੇ ਚੋਣ ਲੜ ਰਹੇ ਹਨ।



18 ਸਾਲ ਪਹਿਲਾਂ ਆਈ ਫ਼ਿਲਮ ਨੇ ਉਸ ਸਮੇਂ 250 ਕਰੋੜ ਰੁਪਏ ਦਾ ਬਿਜਨੈੱਸ ਕੀਤਾ ਸੀ। 15 ਸਾਲ ਤੋਂ ਫ਼ਿਲਮ ਦੇ ਸੀਕੂਅਲ ‘ਤੇ ਕੰਮ ਚਲ ਰਿਹਾ ਹੈ। ਕਹਾਣੀ ਜਿੱਥੇ ਖ਼ਤਮ ਹੋਈ ਸੀ, ਉੱਥੋਂ ਹੀ ਸ਼ੁਰੂ ਵੀ ਹੋਵੇਗੀ। ਇਸ ਨੂੰ ਇੰਡੀਆ-ਪਾਕਿਸਤਾਨ ਦੇ ਐਂਗਲ ਤੋਂ ਅੱਗੇ ਵਧਾਇਆ ਜਾਵੇਗਾ।

ਸੰਨੀ ਦੇ ਬੇਟੇ ਤਾਰਾ ਸਿੰਘ ਦਾ ਕਿਰਦਾਰ ਫ਼ਿਲਮ ‘ਚ ਡਾਇਰੈਕਟਰ ਅਨਿਲ ਦੇ ਬੇਟੇ ਉਤਕਰਸ਼ ਨੇ ਨਿਭਾਇਆ ਸੀ। ਇਸ ਫ਼ਿਲਮ ਤੋਂ ਇਲਾਵਾ ਸੰਨੀ 2009 ‘ਚ ਆਈ ਫ਼ਿਲਮ ‘ਅਪਣੇ’ ਦਾ ਸੀਕੂਅਲ ਵੀ ਬਣਾਉਣ ਦੀ ਸੋਚ ਰਹੇ ਹਨ। ਹਾਲ ਹੀ ‘ਚ ਸੰਨੀ ਦੀ ਫ਼ਿਲਮ ‘ਬਲੈਂਕ’ ਰਿਲੀਜ਼ ਹੋਈ ਹੈ ਜਿਸ ਨੂੰ ਕੁਝ ਖਾਸ ਹੁੰਗਾਰਾ ਨਹੀਂ ਮਿਲ ਰਿਹਾ।