ਚੰਡੀਗੜ੍ਹ: ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ਨੇ ਰਾਜਧਾਨੀ ਦੇ ਸਰਕਾਰੀ ਸਕੂਲਾਂ ਵਿੱਚ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ 2015 ਤੋਂ ਭਰਤੀ ਕੀਤੇ ਗਏ 850 ਜੇਬੀਟੀ ਤੇ ਟੀਜੀਟੀ ਅਧਿਆਪਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੈਟ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਇਨ੍ਹਾਂ ਅਧਿਆਪਕਾਂ ਨੂੰ ਨੌਕਰੀ ਤੋਂ ਪਾਸੇ ਕਰਨ ਦਾ ਫੈਸਲਾ ਰੱਦ ਕਰ ਦਿੱਤਾ ਹੈ। ਯਾਨੀ ਹੁਣ ਇਨ੍ਹਾਂ ਦੀ ਨੌਕਰੀ ਬਚੀ ਰਹੇਗੀ।

ਕੈਟ ਨੇ ਸੋਮਵਾਰ ਨੂੰ ਇਸ ਮਾਮਲੇ ਸਬੰਧੀ ਲੰਮੇ ਸਮੇਂ ਤੋਂ ਚੱਲ ਰਹੀ ਸੁਣਵਾਈ ਬਾਅਦ ਇਹ ਫੈਸਲਾ ਸੁਣਾਇਆ ਹੈ। ਆਪਣੇ ਫੈਸਲੇ ਵਿੱਚ ਕੈਟ ਨੇ 850 ਵਿੱਚੋਂ ਜਿਨ੍ਹਾਂ ਅਧਿਆਪਕਾਂ ਦੇ ਨਾਂ FIR ਵਿੱਚ ਨਹੀਂ, ਉਨ੍ਹਾਂ ਖਿਲਾਫ ਬਰਖ਼ਾਸਤਗੀ ਦਾ ਫੈਸਲਾ ਪੂਰੀ ਤਰ੍ਹਾਂ ਗਲਤ ਦੱਸਿਆ ਹੈ, ਜਦਕਿ ਹੋਰਾਂ ਦੇ ਮਾਮਲੇ ਵਿੱਚ ਕੁਝ ਸ਼ਰਤਾਂ ਤੈਅ ਕੀਤੀਆਂ ਹਨ।

ਕੈਟ ਦੇ ਇਸ ਫੈਸਲੇ ਬਾਅਦ ਚੰਡੀਗੜ੍ਹ ਵਿੱਚ ਕੰਮ ਕਰ ਰਹੇ ਅਧਿਆਪਕਾਂ ਦੀ ਨੌਕਰੀ 'ਤੇ ਕਾਫੀ ਸਮੇਂ ਤੋਂ ਲਟਕ ਰਹੀ ਤਲਵਾਰ ਹਟ ਗਈ ਹੈ। ਸਵੇਰੇ ਕੈਟ ਵਿੱਚ ਮਾਮਲੇ ਦੀ ਸੁਣਵਾਈ ਮਗਰੋਂ ਫੈਸਲਾ ਆਉਣ ਪਿੱਛੋਂ ਸਕੂਲਾਂ ਵਿੱਚ ਅਧਿਆਪਕ ਖ਼ੁਸ਼ ਨਜ਼ਰ ਆਏ।