ਮੁੰਬਈ: ਐਕਟਰ ਵਿਵੇਕ ਓਬਰਾਏ, ਜਿਨ੍ਹਾਂ ਨੇ ਆਪਣੀ ਆਖਰੀ ਫ਼ਿਲਮ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਰਦਾਰ ਨਿਭਾਇਆ ਸੀ, ਆਪਣੀ ਅਗਲੀ ਫ਼ਿਲਮ ਲਈ ਤਿਆਰ ਹਨ। ਜੀ ਹਾਂ, ਵਿਵੇਕ ਓਬਰਾਏ ਜਲਦੀ ਹੀ ਭਾਰਤੀ ਹਵਾਈ ਸੈਨਾ ਦੀ ਬਹਾਦਰੀ ਨੂੰ ਸਲਾਮ ਕਰਨ ਲਈ ਬਾਲਾਕੋਟ ਹਵਾਈ ਹਮਲੇ ‘ਤੇ ਫ਼ਿਲਮ ਦਾ ਨਿਰਮਾਣ ਕਰਨਗੇ।

ਬਾਲਾਕੋਟ’ ਟਾਈਟਲ ਨਾਲ ਇਹ ਫ਼ਿਲਮ 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਆਈਏਐਫ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੇ ਹਵਾਈ ਹਮਲੇ ‘ਤੇ ਵੀ ਆਧਾਰਤ ਹੋਵੇਗੀ। ਇਸ ਬਾਰੇ ਵਿਵੇਕ ਨੇ ਕਿਹਾ, “ਇੱਕ ਭਾਰਤੀ, ਇੱਕ ਦੇਸ਼ ਭਗਤ ਤੇ ਫ਼ਿਲਮ ਬਰਾਦਰੀ ਦੇ ਮੈਂਬਰ ਵਜੋਂ ਮੇਰਾ ਫਰਜ਼ ਹੈ ਕਿ ਅਸੀਂ ਆਪਣੇ ਸਸ਼ਤਰ ਬਲਾਂ ਜੋ ਅਸਲ ‘ਚ ਕਾਬਲ ਹਨ, ਉਨ੍ਹਾਂ ‘ਤੇ ਰੋਸ਼ਨੀ ਪਾਈਏ। ਤਿੰਨ ਭਾਸ਼ਾਵਾਂ ‘ਚ ਬਣਨ ਵਾਲੀ ਇਹ ਫ਼ਿਲਮ, ਵਿੰਗ ਕਮਾਂਡਰ ਅਭਿਨੰਦਨ ਜਿਹੇ ਬਹਾਦਰ ਅਧਿਕਾਰੀਆਂ ਦੀਆਂ ਉਪਲੱਬਧੀਆਂ ਨੂੰ ਦਰਸਾਉਣ ਦਾ ਵਧੀਆ ਤਰੀਕਾ ਹੈ।”


ਵਿਵੇਕ ਨੇ ਅੱਗੇ ਕਿਹਾ, “ਬਾਲਾਕੋਟ ਹਵਾਈ ਹਮਲਾ ਭਾਰਤੀ ਹਵਾਈ ਸੈਨਾ ਵੱਲੋਂ ਸਭ ਤੋਂ ਯੋਜਨਬੱਧ ਹਮਲਿਆਂ ‘ਚੋਂ ਇੱਕ ਸੀ। ਮੈਂ ਪੁਲਵਾਮਾ ਦੇ ਹਮਲੇ ਤੋਂ ਲੈ ਬਾਲਾਕੋਟ ਹਵਾਈ ਹਮਲੇ ਦੀ ਸਾਰੀਆਂ ਜਾਣਕਾਰੀਆਂ ਤੇ ਖ਼ਬਰਾਂ ‘ਤੇ ਬਾਰੀਕੀ ਨਾਲ ਨਜ਼ਰ ਰੱਖੀ।” ਉਨ੍ਹਾਂ ਕਿਹਾ ਕਿ ਮੈਂ ਆਈਏਐਫ ਦਾ ਧੰਨਵਾਦ ਕਰਦਾ ਹਾਂ ਤੇ ਸਾਨੂੰ ਉਮੀਦ ਹੈ ਕਿ ਅਸੀਂ ਕਹਾਣੀ ਨਾਲ ਨਿਆ ਕਰ ਸਕਾਂਗੇ। ਇਹ ਫ਼ਿਲਮ ਸਾਲ 2020 ‘ਚ ਰਿਲੀਜ਼ ਹੋਣ ਦੀ ਉਮੀਦ ਹੈ।