ਚੰਡੀਗੜ੍ਹ: ਕਿਸਾਨ ਅੰਦੋਲਨ ਨੂੰ ਪੰਜਾਬ ਦੇ ਕਲਾਕਾਰਾਂ ਦੀ ਭਰਪੂਰ ਹਮਾਇਤ ਮਿਲ ਰਹੀ ਹੈ ਪਰ ਬਾਲੀਵੁੱਡ ਵਿੱਚ ਕੋਈ ਖਾਸ ਸਮਰਥਨ ਨਹੀਂ ਮਿਲਿਆ। ਕੁਝ ਬਾਲੀਵੁੱਡ ਅਦਾਕਾਰਾਂ ਨੇ ਕਿਸਾਨ ਅੰਦੋਲਨ ਉੱਪਰ ਸਵਾਲ ਚੁੱਕੇ ਹਨ, ਉਨ੍ਹਾਂ ਨੂੰ ਵੀ ਪੰਜਾਬ ਦੇ ਕਲਾਕਾਰਾਂ ਨੇ ਜਵਾਬ ਦਿੱਤਾ ਹੈ। ਕਿਸਾਨਾਂ ਦੇ ਅੰਦੋਲਨ ਨੂੰ ਪੰਜਾਬੀਆਂ ਤੱਕ ਸੀਮਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਬਾਲੀਵੁੱਡ ਦੇ ਵੱਡੇ ਕਲਾਕਾਰ ਨਹੀਂ ਬੋਲੇ। ਇੱਥੋਂ ਤੱਕ ਧਰਮਿੰਦਰ ਨੇ ਵੀ ਟਵੀਟ ਕਰਕੇ ਬਾਅਦ ਵਿੱਚ ਹਟਾ ਲਿਆ। ਬਾਲੀਵੁੱਡ ਦੀ ਚੁੱਪੀ ਤੋਂ ਹੋਰ ਕੋਈ ਹੈਰਾਨ ਹੈ।
ਇਸ ਉੱਪਰ ਸਵਾਲ ਚੁੱਕਦਿਆਂ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਬਾਲੀਵੁੱਡ ਦੀ ਹਮਾਇਤ ਦੀ ਸਭ ਤੋਂ ਵੱਧ ਲੋੜ ਸੀ। ਉਨ੍ਹਾਂ ਟਵੀਟ ਕੀਤਾ, ‘ਪਿਆਰੇ ਬੌਲੀਵੁੱਡ, ਹਮੇਸ਼ਾ ਤੁਹਾਡੀਆਂ ਫਿਲਮਾਂ ਪੰਜਾਬ ’ਚ ਬਹੁਤ ਕਾਮਯਾਬ ਰਹੀਆਂ ਤੇ ਇੱਥੇ ਹਰ ਵਾਰ ਖੁੱਲ੍ਹੀਆਂ ਬਾਹਾਂ ਨਾਲ ਤੁਹਾਡਾ ਸਵਾਗਤ ਕੀਤਾ ਗਿਆ ਪਰ ਅੱਜ ਜਦੋਂ ਪੰਜਾਬ ਨੂੰ ਤੁਹਾਡੀ ਸਭ ਤੋਂ ਵੱਧ ਲੋੜ ਹੈ ਤਾਂ ਤੁਸੀਂ ਨਾ ਆਏ ਤੇ ਨਾ ਹੀ ਇੱਕ ਵੀ ਸ਼ਬਦ ਕਿਹਾ। ਬਹੁਤ ਨਿਰਾਸ਼ਾ ਹੋਈ।’ ਜੈਜ਼ੀ ਬੀ ਨੇ ਗਰੇਵਾਲ ਦੀ ਹਮਾਇਤ ਕਰਦਿਆਂ ਟਵੀਟ ਕੀਤਾ, ‘ਜਿਨ੍ਹਾਂ ਦੀ ਜ਼ਮੀਰ ਜਿਊਂਦੀ ਹੈ, ਉਹ ਹਮਾਇਤ ਲਈ ਆ ਰਹੇ ਹਨ।’
ਉਧਰ, ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਦਿੱਲੀ ’ਚ ਚੱਲ ਰਹੇ ਕਿਸਾਨ ਧਰਨੇ ’ਚ ਸ਼ਮੂਲੀਅਤ ਕਰਦਿਆਂ ਸੰਘਰਸ਼ ਨੂੰ ਹਮਾਇਤ ਦਿੱਤੀ ਹੈ। ਦਿਲਜੀਤ ਦੁਸਾਂਝ ਸ਼ਨੀਵਾਰ ਨੂੰ ਅਮਰੀਕਾ ਤੋਂ ਸਿੱਧਾ ਧਰਨੇ ਵਾਲੀ ਥਾਂ ’ਤੇ ਪਹੁੰਚਿਆ। ਦਿਲਜੀਤ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੈਂ ਇੱਥੇ ਕੁਝ ਕਹਿਣ ਨਹੀਂ ਬਲਕਿ ਤੁਹਾਨੂੰ ਸੁਣਨ ਆਇਆ ਹਾਂ। ਮੈਂ ਤੁਹਾਨੂੰ ਇਤਿਹਾਸ ਰਚਣ ਲਈ ਮੁਬਾਰਕਾਂ ਦਿੰਦਾ ਹਾਂ। ਅਸੀਂ ਹਮੇਸ਼ਾ ਪ੍ਰੇਰਿਤ ਕਰਨ ਵਾਲੀਆਂ ਕਹਾਣੀਆਂ ਹੀ ਸੁਣੀਆਂ ਸਨ ਪਰ ਹੁਣ ਅਸੀਂ ਇਤਿਹਾਸ ਸਿਰਜੇ ਜਾਣ ਦੇ ਪਲਾਂ ਦਾ ਗਵਾਹ ਬਣ ਰਹੇ ਹਾਂ।’