Sunny Deol Shah Rukh Khan: ਬਾਲੀਵੁੱਡ ਦੇ ਹੀ ਮੈਨ ਸੰਨੀ ਦਿਓਲ ਦੇ ਨਾਮ ਤੋਂ ਤਾਂ ਸਭ ਵਾਕਿਫ ਹਨ। ਇੰਨੀਂ ਦਿਨੀਂ ਸੰਨੀ ਦਿਓਲ ਆਪਣੀ ਆਉਣ ਵਾਲੀ ਫਿਲਮ 'ਗਦਰ' ਕਰਕੇ ਸੁਰਖੀਆਂ ;ਚ ਰਹੇ ਹਨ। ਉਨ੍ਹਾਂ ਦੀ ਫਿਲਮ ਨੇ ਪੂਰੀ ਦੁਨੀਆ 'ਚ ਗਦਰ ਮਚਾਇਆ ਅਤੇ ਸੰਨੀ ਦਿਓਲ ਦੇ ਇਸ ਸਾਲ ਦੇ ਜਨਮਦਿਨ ਨੂੰ ਸਪੈਸ਼ਲ ਬਣਾ ਦਿੱਤਾ। ਜੀ ਹਾਂ, ਸੰਨੀ ਪਾਜੀ ਯਾਨਿ ਸੰਨੀ ਦਿਓਲ ਅੱਜ ਯਾਨਿ 19 ਅਕਤੂਬਰ ਨੂੰ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ। ਜਨਮਦਿਨ ਦੇ ਮੌਕੇ ਅਸੀਂ ਤੁਹਾਨੂੰ ਦੱਸਾਂਗੇ ਸੰਨੀ ਤੇ ਸ਼ਾਹਰੁਖ ਖਾਨ ਨਾਲ ਜੁੜਿਆ ਇੱਕ ਬੇਹੱਦ ਦਿਲਚਸਪ ਕਿੱਸਾ;
ਇਸ ਦੇ ਨਾਲ ਨਾਲ ਸੰਨੀ ਦਿਓਲ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਘੁੰਮਦੇ ਰਹਿੰਦੇ ਹਨ। ਅਜਿਹਾ ਹੀ ਇਕ ਵੀਡੀਓ ਹਾਲ ਹੀ 'ਚ ਸਾਹਮਣੇ ਆਇਆ, ਜਿਸ 'ਚ ਸੰਨੀ ਦਿਓਲ ਆਪਣੀ ਫਿਲਮ 'ਡਰ' ਨਾਲ ਜੁੜਿਆ ਇੱਕ ਕਿੱਸਾ ਦੱਸ ਰਹੇ ਹਨ। ਜਿਸ ਨੂੰ ਸੁਣ ਕੇ ਲੋਕ ਅੱਜ ਵੀ ਹੈਰਾਨ ਹੋ ਰਹੇ ਹਨ। ਦਰਅਸਲ, ਇਹ ਗੱਲ ਹੈ 1992-93 ਦੀ, ਜਦੋਂ ਸੰਨੀ ਦਿਓਲ ਸੁਪਰਸਟਾਰ ਸਨ ਤੇ ਸ਼ਾਹਰੁਖ ਖਾਨ ਉਸ ਸਮੇਂ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਸਨ। ਉਸ ਦੌਰ ਵਿੱਚ ਸ਼ਾਹਰੁਖ ਨੂੰ ਸਿਰਫ ਵਿਲਨ ਦੇ ਰੋਲ ਹੀ ਮਿਲਦੇ ਹੁੰਦੇ ਸੀ।
'ਡਰ' ਫਿਲਮ 'ਚ ਵੀ ਸ਼ਾਹਰੁਖ ਨੇ ਵਿਲਨ ਦਾ ਰੋਲ ਨਿਭਾਇਆ ਸੀ। ਇਹ ਕਿੱਸਾ ਕੁੱਝ ਇਸ ਤਰ੍ਹਾਂ ਹੈ ਕਿ ਇੱਕ ਸੀਨ ਵਿੱਚ ਸ਼ਾਹਰੁਖ ਖਾਨ ਨੇ ਸੰਨੀ ਦਿਓਲ ਨੂੰ ਚਾਕੂ ਮਾਰਨਾ ਸੀ। ਪਰ ਸੰਨੀ ਦਿਓਲ ਇਸ ਗੱਲ ਤੋਂ ਬਹੁਤ ਹੀ ਖਿਜ ਗਏ ਸੀ ਕਿ ਸ਼ਾਹਰੁਖ ਖਾਨ ਉਨ੍ਹਾਂ ਨੂੰ ਚਾਕੂ ਕਿਵੇਂ ਮਾਰ ਸਕਦੇ ਹਨ।
ਵੀਡੀਓ 'ਚ ਸੰਨੀ ਦਿਓਲ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ 'ਮੈਂ ਇਸ ਫਿਲਮ 'ਚ ਕਮਾਂਡੋ ਦਾ ਰੋਲ ਨਿਭਾ ਰਿਹਾ ਹਾਂ, ਜੇ ਇੱਕ ਲੜਕਾ ਮੇਰੇ ਹੀ ਸਾਹਮਣੇ ਮੈਨੂੰ ਚਾਕੂ ਮਾਰ ਦੇਵੇ, ਤਾਂ ਫਿਰ ਮੈਂ ਕਾਹਦਾ ਕਮਾਂਡੋ ਹੋਇਆ', ਪਰ ਫਿਲਮ ਮੇਕਰਜ਼ ਫਿਲਮ 'ਚ ਇਹ ਸੀਨ ਰੱਖਣਾ ਚਾਹੁੰਦੇ ਸੀ, ਜਦਕਿ ਸੰਨੀ ਦਿਓਲ ਕਹਿ ਰਹੇ ਸੀ ਕਿ ਇਹ ਸੀਨ ਗਲਤ ਹੈ। ਕਿਉਂਕਿ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਬੜਾ ਹੀ ਸਮਝਦਾਰ ਤੇ ਤੇਜ਼ ਤਰਾਰ ਕਮਾਂਡੋ ਦਾ ਸੀ।
ਅੱਗੇ ਸੰਨੀ ਦਿਓਲ ਨੇ ਕਿਹਾ ਕਿ 'ਮੈਨੂੰ ਸ਼ਾਹਰੁਖ ਤੋਂ ਚਾਕੂ ਮਰਵਾਉਣ 'ਚ ਕੋਈ ਇਤਰਾਜ਼ ਨਹੀਂ, ਪਰ ਉਹ ਮੈਨੂੰ ਸੀਨ 'ਚ ਚਾਕੂ ਉਦੋਂ ਮਾਰੇ, ਜਦੋਂ ਮੇਰਾ ਧਿਆਨ ਉਸ ਵੱਲ ਨਾ ਹੋਵੇ।' ਇਸ ਗੱਲ 'ਤੇ ਸੰਨੀ ਦਿਓਲ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਅਤੇ ਉਨ੍ਹਾਂ ਨੇ ਉਸ ਸਮੇਂ ਆਪਣੇ ਹੱਥ ਪੈਂਟ ਦੀ ਜੇਬ 'ਚ ਪਾਏ ਹੋਏ ਸੀ, ਜਿਸ ਕਰਕੇ ਗੁੱਸੇ 'ਚ ਉਨ੍ਹਾਂ ਨੇ ਆਪਣੇ ਹੀ ਹੱਥਾਂ ਨਾਲ ਆਪਣੀ ਪੈਂਟ ਪਾੜ ਲਈ। ਇਸ ਤੋਂ ਬਾਅਦ ਸੈੱਟ 'ਤੇ ਮਾਹੌਲ ਕਾਫੀ ਗਰਮਾ ਗਿਆ ਸੀ। ਫਿਲਮ ਦੇ ਸੈੱਟ 'ਤੇ ਮੌਜੂਦ ਸਾਰੇ ਲੋਕ ਡਰਦੇ ਮਾਰੇ ਇੱਧਰ ਉੱਧਰ ਭੱਜਣ ਲੱਗ ਪਏ। ਕਿਹਾ ਜਾਂਦਾ ਹੈ ਕਿ ਸ਼ਾਹਰੁਖ ਖਾਨ ਤੱਕ ਵੀ ਉਸ ਸਮੇਂ ਸੰਨੀ ਦਿਓਲ ਤੋਂ ਕਤਰਾਉਣ ਲੱਗ ਪਏ ਸੀ। ਕਿਉਂਕਿ ਸਭ ਨੇ ਸੰਨੀ ਦਾ ਗੁੱਸਾ ਦੇਖ ਲਿਆ ਸੀ।
ਕਾਬਿਲੇਗ਼ੌਰ ਹੈ ਕਿ 'ਡਰ' ਫਿਲਮ 1993 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸੰਨੀ ਦਿਓਲ ਤੇ ਜੂਹੀ ਚਾਵਲਾ ਮੁੱਖ ਭੂਮਿਕਾਵਾਂ 'ਚ ਸਨ। ਜਦਕਿ ਸ਼ਾਹਰੁਖ ਖਾਨ ਨੇ ਫਿਲਮ 'ਚ ਵਿਲਨ ਦਾ ਰੋਲ ਨਿਭਾਇਆ ਸੀ। ਪਰ ਸ਼ਾਹਰੁਖ ਦੀ ਐਕਟਿੰਗ ਇੰਨੀਂ ਜ਼ਬਰਦਸਤ ਸੀ ਕਿ ਉਹ ਸੰਨੀ ਦਿਓਲ 'ਤੇ ਵੀ ਭਾਰੀ ਪੈ ਗਏ ਸੀ।